ਜੋਗਿੰਦਰ ਸਿੰਘ ਮਾਨ
ਮਾਨਸਾ, 19 ਸਤੰਬਰ
ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰਤੀ ਖੁਰਾਕ ਨਿਗਮ (ਐਫਸੀਆਈ) ਨੂੰ ਚੌਲਾਂ ਦੀ ਸਪਲਾਈ ਲਈ ਲੋੜੀਂਦੀ ਥਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ ਲਈ ਕੇਂਦਰੀ ਖੁਰਾਕ ਤੇ ਸਪਲਾਈ ਮੰਤਰੀ ਤੋਂ ਨਿੱਜੀ ਦਖ਼ਲ ਦੇੇਣ ਦੀ ਮੰਗ ਕੀਤੀ ਹੈ ਪਰ ਪੰਜਾਬ ਦੇ ਆੜ੍ਹਤੀਆਂ ਨੇ ਰਾਜ ਸਰਕਾਰ ਵੱਲੋਂ ਇਸ ਨੂੰ ਬਹੁਤ ਦੇਰੀ ਨਾਲ ਚੁੱਕਿਆ ਗਿਆ ਕਦਮ ਕਰਾਰ ਦਿੱਤਾ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਹੁਣ ਜਦੋਂ ਪੰਜਾਬ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਣ ਵਿੱਚ ਕੇਵਲ 10 ਦਿਨ ਹੀ ਰਹਿ ਗਏ ਹਨ ਤਾਂ ਐਨੇ ਥੋੜ੍ਹੇ ਸਮੇਂ ਵਿੱਚ ਮਾਲਵਾ ਖੇਤਰ ਵਿਚਲੇ ਭਰੇ ਭੰਡਾਰਾਂ ਨੂੰ ਖਾਲੀ ਕਰਨਾ ਵੱਡਾ ਅੜਿੱਕਾ ਬਣ ਗਿਆ ਹੈ। ਆੜ੍ਹਤੀਆਂ ਨੇ ਕਿਹਾ ਕਿ ਜੇਕਰ ਸਮੇਂ-ਸਿਰ ਸਰਕਾਰ ਵੱਲੋਂ ਕੇਂਦਰ ਨੂੰ ਅੰਨ ਭੰਡਾਰ ਵਿਹਲੇ ਕਰਨ ਲਈ ਵਾਧੂ ਰੈਂਕਾਂ ਦੀ ਮੰਗ ਕੀਤੀ ਹੁੰਦੀ ਤਾਂ ਮੌਜੂਦਾ ਸਥਿਤੀ ਵਾਲੀ ਨੌਬਤ ਨਹੀਂ ਸੀ ਬਣਨੀ। ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਸੂਬੇ ਦੇ ਗੋਦਾਮਾਂ ਵਿੱਚੋ ਚੌਲਾਂ ਦੀ ਲਿਫਫਿੰਗ ਕਰਾਉਣ ਅਤੇ ਉਨ੍ਹਾਂ ਨੂੰ ਆਉਂਦੇ ਜੀਰੀ ਦੇ ਸੀਜ਼ਨ ਲਈ ਖਾਲੀ ਕਰਵਾਉਣ ਲਈ ਸਹੀ ਸਮੇਂ ’ਤੇ ਤਾਲਮੇਲ ਨਹੀਂ ਕੀਤਾ, ਸਗੋਂ ਆਪਣੀ ਹੈਂਕੜਬਾਜ਼ੀ ਵਿੱਚ ਹੀ ਰਹੇ। ਉਨ੍ਹਾਂ ਕਿਹਾ ਕਿ ਇਸ ਕਰਕੇ ਜ਼ੀਰੀ ਦੇ ਸੀਜ਼ਨ ’ਚ ਪੰਜਾਬ ਦੇ ਰਾਈਸ ਮਿੱਲਰਜ,ਆੜ੍ਹਤੀਆਂ ਅਤੇ ਕਿਸਾਨਾਂ ਨੂੰ ਬਹੁਤ ਹੀ ਮੁਸ਼ਲਿਕਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਹਿਲੀ ਅਕਤੂਬਰ ਤੋਂ ਪੰਜਾਬ ਦਾ ਆੜ੍ਹਤੀਆ ਵਰਗ ਮੁਕੰਮਲ ਹੜਤਾਲ ਕਰੇਗਾ।