ਪੱਤਰ ਪ੍ਰੇਰਕ
ਫਾਜ਼ਿਲਕਾ, 3 ਮਈ
ਸਹਾਇਕ ਪ੍ਰੋਫੈਸਰਾਂ ਵੱਲੋਂ ਰੈਗੂਲਰ ਭਰਤੀ ਦੀ ਮੰਗ ਲਈ ਅੱਜ ਫਾਜ਼ਿਲਕਾ ਦੇ ਘੰਟਾਘਰ ਚੌਕ ’ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਸਿਵੀਆਂ, ਬਲਵਿੰਦਰ ਚਹਿਲ, ਕੰਵਲਜੀਤ ਕੌਰ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਅੰਦਰ ਕੇਵਲ 66 ਸਰਕਾਰੀ ਕਾਲਜ ਹਨ। ਇਨ੍ਹਾਂ ’ਚੋਂ ਪੁਰਾਣੇ ਕਾਲਜਾਂ ਦੀ ਗਿਣਤੀ 47 ਹੈ। ਪਿਛਲੀਆਂ ਸਰਕਾਰਾਂ ਦੀ ਬੇਰੁਖੀ ਕਾਰਨ 25 ਸਾਲਾਂ ਤੋਂ ਇਨ੍ਹਾਂ ਕਾਲਜਾਂ ’ਚ ਪ੍ਰੋਫੈਸਰਾਂ ਦੀ ਰੈਗੂਲਰ ਭਰਤੀ ਨਹੀਂ ਹੋਈ। ਸੋ ਕੁੱਲ ਮਿਲਾਕੇ ਪੰਜਾਬ ਦੇ 47 ਕਾਲਜਾਂ ’ਚ ਕੇਵਲ 308 ਰੈਗੂਲਰ ਅਧਿਆਪਕ ਪੜ੍ਹਾ ਰਹੇ ਹਨ, ਜਿਹੜੇ ਆਉਂਦੇ 5-7 ਸਾਲਾਂ ਤੱਕ ਸੇਵਾਮੁਕਤ ਹੋ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਅਤੇ ਸਿਹਤ ਨੂੰ ਬੁਨਿਆਦੀ ਮੁੱਦੇ ਬਣਾ ਕੇ ਸੱਤਾ ਹਾਸਲ ਕਰਨ ਵਾਲੀ ‘ਆਪ’ ਸਰਕਾਰ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਚਾਉਣ ਲਈ ਪਹਿਲ ਦੇ ਆਧਾਰ ’ਤੇ 1158 ਸਹਾਇਕ ਪ੍ਰੋਫੈਸਰਾਂ, ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਸਿਰੇ ਚੜ੍ਹਾਵੇ। ਇਸ ਤੋਂ ਇਲਾਵਾ ਪਿਛਲੀਆਂ ਨੌਕਰੀਆਂ ਤੋਂ ਅਸਤੀਫਾ ਦਿਵਾ ਕੇ ਜਿਹੜੇ ਉਮੀਦਵਾਰਾਂ ਨੂੰ ਜੁਆਇਨ ਕਰਵਾ ਲਿਆ ਗਿਆ ਹੈ, ਉਨ੍ਹਾਂ ਦੀ ਤਨਖਾਹ ਜਲਦ ਤੋਂ ਜਲਦ ਰਿਲੀਜ਼ ਕੀਤੀ ਜਾਵੇ, ਜਿਹੜੇ ਵਿਸ਼ਿਆਂ (ਪੰਜਾਬੀ, ਹਿੰਦੀ, ਅੰਗਰੇਜ਼ੀ, ਲਾਇਬ੍ਰੇਰੀਅਨ) ਦੀਆਂ ਸਿਲੈਕਸ਼ਨ ਲਿਸਟਾਂ ਜਾਰੀ ਕੀਤੀਆਂ ਜਾਣ।