ਪਰਸ਼ੋਤਮ ਬੱਲੀ
ਬਰਨਾਲਾ, 14 ਜੁਲਾਈ
ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਲਈ ਅੱਜ ਇੱਥੇ ਜ਼ਿਲ੍ਹਾ ਪਰਿਸ਼ਦ ਦਫ਼ਤਰ ਅੱਗੇ 26 ਦਿਨਾਂ ਤੋਂ ਧਰਨਾ ਲਾਈ ਬੈਠੇ ਰੂਰਲ ਫਾਰਮੇਸੀ ਅਫ਼ਸਰਾਂ ਤੇ ਦਰਜਾਚਾਰ ਕਾਮਿਆਂ ਨੇ ਅੱਜ ਪੀ.ਪੀ.ਈ. ਕਿੱਟਾਂ ਪਾ ਕੇ ਵਿਭਾਗੀ ਅਧਿਕਾਰੀਆਂ ਤੇ ਸੂਬਾ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨਾ ਕਰਨ ਦੇਣ ਦੇ ਸਰਕਾਰੀ ਹੁਕਮਾਂ ਨੂੰ ਨਾਦਰਸ਼ਾਹੀ ਗਰਦਾਨਿਆ। ਰੂਰਲ ਫਾਰਮੇਸੀ ਆਫ਼ਿਸਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਰਜੇਸ਼ ਕੁਮਾਰ, ਸਕੱਤਰ ਵਿਰੇਂਦਰ ਬਚਨ ਅਤੇ ਦਰਜਾ ਚਾਰ ਪ੍ਰਧਾਨ ਸ਼ਰਨਜੀਤ ਕੌਰ ਨੇ ਕਿਹਾ ਕਿ ਮਾਮੂਲੀ ਉਜ਼ਰਤਾਂ ‘ਤੇ 14 ਸਾਲਾਂ ਤੋਂ ਇਹ ਠੇਕਾ ਅਧਾਰਿਤ ਕਾਮੇ ਪੱਕੇ ਹੋਣ ਲਈ ਹੜਤਾਲ ਲਈ ਮਜਬੂਰ ਹਨ। 26 ਦਿਨਾਂ ਤੋਂ ਕੰਮ ਛੋੜ ਹੜਤਾਲ ਦੇ ਬਾਵਜੂਦ ਸੁਣਵਾਈ ਨਹੀਂ ਹੋ ਰਹੀ। ਬਲਕਿ ਅੱਜ ਤੱਕ ਮੰਤਰੀ ਸਮੇਤ ਸਭ ਨੇ ਲਾਰਿਆਂ ਨਾਲ ਹੀ ਸਾਰਿਆ ਹੈ। ਆਗੂਆਂ ਕਿਹਾ ਕਿ ਰੈਗੂਲਰ ਕੀਤੇ ਜਾਣ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮਧੂ ਬਾਲਾ, ਜਗਵਿੰਦਰ ਕੌਰ, ਰਾਕੇਸ਼ ਕੁਮਾਰ, ਰਵੀ ਕੁਮਾਰ, ਬਲਵਿੰਦਰ ਕੁਮਾਰ, ਸੰਦੀਪ ਕੁਮਾਰ, ਰਾਣੀ ਕੌਰ, ਸਰਬਜੀਤ ਕੌਰ, ਹਰਬੰਸ ਕੌਰ, ਕੁਲਵਿੰਦਰ ਕੌਰ, ਮੋਨੀਕਾ ਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।