ਰਵਿੰਦਰ ਰਵੀ
ਬਰਨਾਲਾ, 16 ਸਤੰਬਰ
ਜ਼ਿਲ੍ਹੇ ਦੇ ਸਮੂਹ ਮੈਰਿਜ ਪੈਲੇਸਾਂ ਦੇ ਮਾਲਕਾਂ, ਕੇਟਰਿੰਗ, ਡੈਕੋਰੇਸ਼ਨ, ਲਾਈਟ ਸਾਊਂਡ ਸਿਸਟਮ, ਵੇਟਰ, ਹਲਵਾਈ, ਫੁੱਲਾਂ ਵਾਲੇ ਤੇ ਵਿਆਹਾਂ ਨਾਲ ਸਬੰਧਤ ਕੰਮ ਕਰਨ ਵਾਲੇ ਮਾਲਕਾਂ ਤੇ ਕਾਮਿਆਂ ਨੇ ਕਾਰਾਂ ਤੇ ਮੋਟਰਸਾਈਕਲਾਂ ’ਤੇ ਪੂਰੇ ਸ਼ਹਿਰ ‘ਚ ਮੁਜ਼ਾਹਰਾ ਕੀਤਾ।
ਇਸ ਮੌਕੇ ਮੈਰਿਜ ਪੈਲੇਸ ਮਾਲਕ ਸਤੀਸ਼ ਗਰਗ, ਮਹਿੰਦਰ ਗਰੋਵਰ ਅਤੇ ਰਿੰਪੀ ਦੇਵਗਨ ਨੇ ਕਿਹਾ ਕਿ ਸਰਕਾਰ ਇਸ ਸਨਅਤ ਨਾਲ ਪੱਖਪਾਤੀ ਵਤੀਰਾ ਅਪਣਾ ਰਹੀ ਹੈ ਜਦਕਿ ਇਸ ਸਨਅਤ ਵੱਲੋਂ ਕਈ ਤਰ੍ਹਾਂ ਦੇ ਟੈਕਸਾਂ ਤੋਂ ਇਲਾਵਾ ਵੱਡੇ ਪੱਧਰ ‘ਤੇ ਰੁਜ਼ਗਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਇਹ ਸਨਅਤ ਤਬਾਹੀ ਦੇ ਕੰਢੇ ‘ਤੇ ਪੁੱਜ ਗਈ ਹੈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਾਂ ਨੂੰ ਜਲਦੀ ਨਾ ਲਾਗੂ ਕੀਤਾ ਤਾਂ ਆਉਣ ਵਾਲੇ ਸਮੇਂ ‘ਚ ਵੱਡੀ ਗਿਣਤੀ ‘ਚ ਮੈਰਿਜ ਪੈਲੇਸ ਵਿਕਾਊ ਹੋ ਜਾਣਗੇ ਅਤੇ ਇਸ ਧੰਦੇ ਨਾਲ ਜੁੜੇ ਹਜ਼ਾਰਾਂ ਲੋਕ ਵਿਹਲੇ ਹੋ ਜਾਣਗੇ।