ਪੱਤਰ ਪ੍ਰੇਰਕ
ਭੁੱਚੋ ਮੰਡੀ, 12 ਦਸੰਬਰ
ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਆਪਣੇ ਦਫ਼ਤਰ ਅੱਗੇ ਡਿੱਪੂ ਪ੍ਰਧਾਨ ਪ੍ਰਭੂ ਸਿੰਘ ਖਾਲਸਾ ਦੀ ਅਗਵਾਈ ਹੇਠ ਠੇਕੇਦਾਰੀ ਸਿਸਟਮ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪ੍ਰਧਾਨ ਪ੍ਰਭੂ ਸਿੰਘ ਖਾਲਸਾ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਤਹਿਤ ਠੇਕੇਦਾਰ ਵੱਲੋਂ ਮਜ਼ਦੂਰਾਂ ਦਾ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਦੀ ਮਿਹਨਤ ਦਾ ਲਗਪਗ ਅੱਧਾ ਹਿੱਸਾ ਠੇਕੇਦਾਰ ਕੋਲ ਚਲਾ ਜਾਂਦਾ ਹੈ ਅਤੇ ਬਾਕੀ ਦੀ ਕਮਾਈ ਨਾਲ ਮਜ਼ਦੂਰਾਂ ਨੂੰ ਆਪਣੇ ਘਰਾਂ ਦੇ ਚੁੱਲ੍ਹੇ ਚ ਲਾਉਣੇ ਵੀ ਮੁਸ਼ਕਿਲ ਹੋ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕਰਕੇ ਮਜ਼ਦੂਰਾਂ ਦਾ ਮਿਹਨਤਾਨਾ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ, ਤਾਂ ਜੋ ਉਹ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸਣ ਕਰ ਸਕਣ। ਉਨ੍ਹਾਂ ਐਲਾਨ ਕੀਤਾ ਕਿ ਉਹ ਠੇਕੇਦਾਰੀ ਸਿਸਟਮ ਦੇ ਖ਼ਿਲਾਫ਼ 13 ਦਸੰਬਰ ਨੂੰ ਭੁੱਚੋ ਸ਼ਹਿਰ ਵਿੱਚ ਅਤੇ 14 ਦਸੰਬਰ ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਸਕੱਤਰ ਰਾਜੂ ਸਿੰਘ, ਸਾਬਕਾ ਪ੍ਰਧਾਨ ਮੋਹਣਾ ਸਿੰਘ, ਮਾਨ ਸਿੰਘ, ਗੁਰਪਿੰਦਰ ਸਿੰਘ, ਕਾਲਾ ਸਿੰਘ ਅਤੇ ਚਰਨਾ ਸਿੰਘ ਆਦਿ ਆਗੂਆਂ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ।