ਪੁਨੀਤ ਮੈਨਨ
ਧਨੌਲਾ, 5 ਜਨਵਰੀ
ਮਕਾਨਾਂ ਦੇ ਮਾਲਕਾਨਾ ਹੱਕ ਲੈਣ ਲਈ ਇਥੋਂ ਦੀ ਦਾਣਾ ਮੰਡੀ ਦੇ ਵਸਨੀਕਾਂ ਵੱਲੋਂ ਲਗਾਇਆ ਧਰਨਾ ਅੱਜ ਦੂਜੇ ਦਿਨ ਮੀਂਹ ਵਿੱਚ ਜਾਰੀ ਰਿਹਾ। ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਕੁਲਵਿੰਦਰ ਸਿੰਘ ਨੇ ਖਸਰਾ ਨੰਬਰ 1200 ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਇਲਾਕੇ ਦੇ ਹੋਰਨਾਂ ਲੋਕਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਗਏ ਹਨ ਤਾਂ ਇਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇਣ ਲਈ ਸਰਕਾਰ ਕਿਉਂ ਕਿਨਾਰਾ ਕਰ ਰਹੀ ਹੈ ਜਦਕਿ ਇਹ ਪਰਿਵਰ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ। ਇਸ ਮੌਕੇ ਮੌਜੂਦ ਦਾਣਾ ਮੰਡੀ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਹਨ, ਜੇਕਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਕੌਂਸਲਰ ਗੌਰਵ ਬਾਂਸਲ, ਸਾਬਕਾ ਕੌਂਸਲਰ ਮਨੀਸ਼ ਕੁਮਾਰ ਨੇ ਧਰਨਾਕਾਰੀਆਂ ਦਾ ਸਹਿਯੋਗ ਦਿੰਦਿਆਂ ਕਿਹਾ ਕਿ ਰੋਜ਼ਾਨਾ ਦਿਹਾੜੀ ਕਰ ਕੇ ਕਮਾਉਣ ਵਾਲੇ ਪਰਿਵਾਰ ਧਰਨੇ ’ਤੇ ਬੈਠੇ ਹਨ ਜਿਨ੍ਹਾਂ ਨੂੰ ਦੋ ਸਮੇਂ ਦੀ ਰੋਟੀ ਦਾ ਹੀਲਾ ਕਰਨਾ ਔਖਾ ਹੈ। ਉਨ੍ਹਾਂ ਸਰਕਾਰ ਨੂੰ ਛੇਤੀ ਮਸਲਾ ਹੱਲ ਕਰਨ ਦੀ ਅਪੀਲ ਕੀਤੀ।