ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 25 ਮਈ
ਡੈਮੋਕਰੈਟਿਕ ਟੀਚਰਜ਼ ਫਰੰਟ ਫਰੀਦਕੋਟ ਵੱਲੋਂ ਸੂਬਾ ਕਮੇਟੀ ਦੇ ਸੱਦੇ ਉੱਪਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਮੀਟਿੰਗਾਂ ਤੋਂ ਟਾਲਾ ਵੱਟਣ ਦੇ ਵਿਰੋਧ ਵਿੱਚ ਅੱਜ ਫਰੀਦਕੋਟ ਦੇ ਮਿਨੀ ਸਕੱਤਰੇਤ ਅੱਗੇ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਰੋਸ ਰੈਲੀ ਕਰਨ ਮਗਰੋਂ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਸੁਖਵਿੰਦਰ ਸਿੰਘ ਸੁੱਖੀ ਅਤੇ ਗਗਨ ਪਾਹਵਾ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਸਮਾਂ ਦੇਣ ਦੇ ਬਾਵਜੂਦ ਮੀਟਿੰਗਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਲਗਾਤਾਰ ਅਧਿਆਪਕ ਤੇ ਸਿੱਖਿਆ ਵਿਰੋਧੀ ਫੈਸਲੇ ਲਏ ਜਾ ਰਹੇ ਹਨ, ਜਿਸ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ।
ਅਧਿਆਪਕਾਂ ਆਗੂਆਂ ਗੁਰਪ੍ਰੀਤ ਰੰਧਾਵਾ, ਰਵਿੰਦਰਪਾਲ ਸਿੰਘ ਰਿੰਪੀ ਅਤੇ ਕੁਲਦੀਪ ਘਣੀਆ ਨੇ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਹੁਣ ‘ਜਨ ਸੇਵਕ’ ਨੀਤੀ ਤਹਿਤ ਰਿਟਾਇਰ ਅਧਿਆਪਕਾਂ ਨੂੰ ਮੁੜ ਸਕੂਲਾਂ ਵਿੱਚ ਸਵੈ-ਇੱਛਕ ਸੇਵਾਵਾਂ ਦੇਣ ਦੀ ਚਿੱਠੀ ਜਾਰੀ ਕੀਤੀ ਗਈ ਹੈ ਜੋ ਨਿੰਦਣਯੋਗ ਹੈ। ਮੁਜ਼ਾਹਰੇ ਵਿੱਚ ਹਰਵਿੰਦਰ ਬਰਾੜ, ਗੁਰਜਿੰਦਰ ਡੋਹਕ, ਸਤੇਸ਼ ਭੂੰਦੜ, ਹਰਮੇਲ ਸਿੰਘ, ਮਨੀਸ਼ ਕੁਮਾਰ, ਗੁਰਸੇਵਕ ਸਿੰਘ, ਸਵਰਾਜ ਸਿੰਘ , ਰਵੀ ਸ਼ਰਮਾ, ਗੁਰਪ੍ਰੀਤ ਸਿੰਘ ਔਲਖ, ਦਿਲਬਾਗ ਸਿੰਘ, ਦੀਪਕ ਆਹੂਜਾ, ਮਹਿੰਦਰ ਢੁੱਡੀ, ਸਤੀਸ਼ ਛਾਬੜਾ, ਸੰਦੀਪ ਅਰੋੜਾ, ਮਨਪ੍ਰੀਤ ਕੌਰ, ਹਰਜੀਤ ਕੌਰ ਤੇ ਅਰਾਧਨਾ ਨੇ ਵੀ ਸ਼ਮੂਲੀਅਤ ਕੀਤੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੁਆਰਾ ਅਧਿਆਪਕਾਂ ਨੂੰ ਉਨ੍ਹਾਂ ਦੇ ਮੰਗਾਂ-ਮਸਲਿਆਂ ਲਈ ਵਾਰ-ਵਾਰ ਮੀਟਿੰਗ ਲਈ ਸਮਾਂ ਦੇ ਕੇ ਗੱਲਬਾਤ ਨਾ ਕਰਨ ਦੇ ਵਿਰੋਧ ਵਜੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਸ ਰੈਲੀ ਕਰਦਿਆਂ ਅਰਥੀ ਫੂਕੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਮੀਟਿੰਗਾਂ ਦਾ ਸਮਾਂ ਦੇਣ ਤੋਂ ਬਾਅਦ ਵੀ ਗੱਲਬਾਤ ਨਾ ਕਰਨ ਅਤੇ ਸਿੱਖਿਆ ਵਿਰੋਧੀ ਫੈਸਲੇ ਲਾਗੂ ਕਰਕੇ ਅਧਿਆਪਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਇਸ ਮੌਕੇ ਚਰਨਪਾਲ ਦਸੌਂਧੀਆ, ਕੁਲਦੀਪ ਅੱਕਾਂਵਾਲੀ, ਅਮਨਦੀਪ ਕੌਰ, ਗਗਨਦੀਪ ਕੌਰ, ਰੇਨੂ ਬਾਲਾ, ਅਮਰਪ੍ਰੀਤ ਕੌਰ, ਖੁਸ਼ਿਵੰਦਰ ਕੌਰ, ਗੁਰਵਿੰਦਰ ਕੌਰ, ਵਰਿੰਦਰ ਬਰਾੜ, ਤਰਵਿੰਦਰ ਹੀਰੇਵਾਲਾ, ਗੁਰਜੀਤ ਰੜ, ਗੁਰਵਿੰਦਰ ਮਾਨਸਾ, ਮਨਜੀਤ ਧਾਲੀਵਾਲ, ਲਖਵਿੰਦਰ ਮਾਨ, ਹਰਜਿੰਦਰ ਅਨੂਪਗੜ, ਗੁਰਤੇਜ ਉੱਭਾ, ਰਾਜਵਿੰਦਰ ਬਹਿਣੀਵਾਲ ਅਤੇ ਅਵਤਾਰ ਸਮਰਾ ਨੇ ਵੀ ਸੰਬੋਧਨ ਕੀਤਾ।