ਖੇਤਰੀ ਪ੍ਰਤੀਨਿਧ
ਬਰਨਾਲਾ, 1 ਸਤੰਬਰ
ਸ਼ਹਿਰ ’ਚੋਂ ਟਰੈਫਿਕ ਸੁਖਾਲੀ ਕਰਨ ਦੇ ਮੰਤਵ ਨਾਲ ਭੀੜੀਆਂ ਥਾਂਵਾਂ ਤੋਂ ਬਾਹਰ ਖੁੱਲ੍ਹੇ ਮੈਦਾਨ ’ਚ ਭੇਜੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਵਧੀ ਔਖਿਆਈ ਤੇ ਘਟੀ ਵਿਕਰੀ ਤੋਂ ਪ੍ਰੇਸ਼ਾਨ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੇਹੜੀ ਯੂਨੀਅਨ ਦੇ ਪ੍ਰਧਾਨ ਸੁਖਵੰਤ ਸਿੰਘ ਸੁੱਖਾ, ਗੋਗਾ ਸਿੰਘ, ਜੈਲਾ, ਸੁਨੀਲ, ਪੰਮਾ ਤੇ ਜਗਰਾਜ ਸਿੰਘ ਨੇ ਦੱਸਿਆ ਕਿ ਮੌਜੂਦਾ ਜ਼ਿਲ੍ਹਾ ਪੁਲੀਸ ਮੁਖੀ ਨੇ ਆਪਣੀ ਨਿਯੁਕਤੀ ਦੇ ਪਹਿਲੇ ਦੌਰ ’ਚ ਹੀ ਰੇਹੜੀ-ਫੜ੍ਹੀ ਵਾਲਿਆਂ ਨੂੰ ਟਰੈਫਿਕ ਸੁਧਾਰ ਦੇ ਨਾਂ ਹੇਠ ਸ਼ਹਿਰ ਦੇ ਬਾਹਰਲੇ ਪਾਸੇ ਕੱਚੇ ਖੁੱਲ੍ਹੇ ਮੈਦਾਨ ’ਚ ਭੇਜ ਦਿੱਤਾ ਸੀ, ਜਿੱਥੇ ਵਸੋਂ ਤੋਂ ਦੂਰ ਹੋਣ ਅਤੇ ਮਹਾਮਾਰੀ ਦੇ ਚਲਦਿਆਂ ਗਾਹਕਾਂ ਦੀ ਆਮਦ ਬਿਲਕੁਲ ਨਾ ਬਰਾਬਰ ਹੈ। ਦੂਸਰਾ ਬਰਸਾਤੀ ਮੌਸਮ ਹੋਣ ਕਾਰਨ ਕੱਚੇ ਖੱਡਿਆਂ ’ਚ ਪਾਣੀ ਭਰਨ ਤੇ ਚਿੱਕੜ ਸਦਕਾ ਰੇਹੜੀਆਂ ਲਗਾਉਣਾ ਮੁਸ਼ਕਿਲ ਹੈ। ਕਰੀਬ 5 ਮਹੀਨਿਆਂ ਤੋਂ ਉਹ ਲੋਕ ਆਪਣੇ ਪਰਿਵਾਰਾਂ ਦੀ ਪੇਟ ਪਾਲਣਾ ਤੋਂ ਵੀ ਅਸਮਰੱਥ ਹੋ ਚੁੱਕੇ ਹਨ। ਟਰੈਫ਼ਿਕ ਵਿੱਚ ਵਿਘਨ ਨਾ ਪਾਏ ਜਾਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਤੋਂ ਪਹਿਲਾਂ ਵਾਲੀਆਂ ਥਾਵਾਂ ’ਤੇ ਤਾਂ ਢੁੱਕਵੀਆਂ ਬਾਜ਼ਾਰ ਵਿਚਲੀਆਂ ਥਾਵਾਂ ’ਤੇ ਰੇਹੜੀਆਂ ਲਗਾਉਣ ਦੀ ਇਜਾਜ਼ਤ ਮੰਗੀ।