ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 10 ਜੁਲਾਈ
ਕਸਬੇ ਨੇੜਲੇ ਪਿੰਡ ਰਾਈਆ ਤੋਂ ਤਪਾ ਤੇ ਭਦੌੜ ਮੇਨ ਸੜਕ ਨਾਲ ਜੋੜਨ ਵਾਲੀ ਕਰੀਬ ਦੋ ਕਿਲੋਮੀਟਰ ਸੜਕ ਡੇਢ ਸਾਲ ਤੋਂ ਪੁੱਟੀ ਹੋਈ ਹੈ। ਇਸ ਕਾਰਨ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਬਣਾਉਣ ਦੇਰੀ ਤੋਂ ਅੱਕੇ ਪਿੰਡ ਵਾਸੀਆਂ ਨੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਲਾਬ ਸਿੰਘ ਦੀ ਅਗਵਾਈ ਵਿੱਚ ਅੱਜ ਪ੍ਰਦਰਸ਼ਨ ਕੀਤਾ। ਪ੍ਰਧਾਨ ਗੁਲਾਬ ਸਿੰਘ ਨੇ ਕਿਹਾ ਕਿ ਇਹ ਸੜਕ ਲੰਬੇ ਸਮੇਂ ਤੋਂ ਪੁੱਟੀ ਹੋਈ ਹੈ। ਕੈਪਟਨ ਸਰਕਾਰ ਸਮੇਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਲੋਕਾਂ ਨਾਲ ਵਾਅਦਾ ਕਰ ਕੇ ਗਏ ਸਨ ਕਿ ਇਹ ਸੜਕ ਜਲਦੀ ਤਿਆਰ ਕੀਤੀ ਜਾਵੇਗੀ ਪਰ ਉਨ੍ਹਾਂ ਦਾ ਵਾਅਦਾ ਵਫ਼ਾ ਨਾ ਹੋਇਆ।
ਉਨ੍ਹਾਂ ਤੋਂ ਬਾਅਦ ਹੁਣ ਵਿਧਾਇਕ ਬਲਕਾਰ ਸਿੱਧੂ ਤਿੰਨ ਮਹੀਨੇ ਪਹਿਲਾਂ ਪਿੰਡ ਰਾਈਆ ਵਿੱਚ ਕਿਹਾ ਸੀ ਕਿ ਇਹ ਸੜਕ ਇੱਕ ਹਫ਼ਤੇ ਵਿੱਚ ਬਣਾ ਦਿੱਤੀ ਜਾਵੇਗੀ ਪਰ ਬਣੀ ਅਜੇ ਤਕ ਨਹੀਂ। ਪ੍ਰਧਾਨ ਗੁਲਾਬ ਸਿੰਘ ਨੇ ਦੱਸਿਆ ਕਿ ਸੜਕ ਬਣਨ ਦੀ ਉਮੀਦ ਉਦੋਂ ਖ਼ਤਮ ਹੋ ਗਈ ਜਦੋਂ ਠੇਕੇਦਾਰ ਆਪਣਾ ਸਾਮਾਨ ਲੈ ਕੇ ਚਲਾ ਗਿਆ। ਉਨ੍ਹਾਂ ਕਿਹਾ ਕਿ ਇਸ ਸੜਕ ਰਾਹੀਂ ਕਿਸਾਨ ਬਲਦ ਰੇਹੜੇ ਲੈ ਕੇ ਨਿੱਤ ਖੇਤਾਂ ਨੂੰ ਜਾਂਦੇ ਹਨ। ਇਸ ਤੋਂ ਇਲਾਵਾ ਬੱਸਾਂ ਸਣੇ ਹੋਰ ਆਵਾਜਾਈ ਵੀ ਇਸੇ ਸੜਕ ਤੋਂ ਲੰਘਦੀ ਹੈ। ਇਥੋਂ ਲੰਘਣ ਵਾਲੇ ਕਈ ਰਾਹਗੀਰ ਸੱਟਾਂ ਖਾ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਅਤੇ ਵਿਧਾਇਕ ਤੋਂ ਮੰਗ ਕੀਤੀ ਕਿ ਇਹ ਸੜਕ ਜਲਦੀ ਬਣਾਈ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਪੰਜਾਬ ਕਿਸਾਨ ਯੂਨੀਅਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਧਾਇਕ ਬਲਕਾਰ ਸਿੱਧੂ ਦੇ ਘਰ ਅੱਗੇ ਧਰਨਾ ਲਾਵੇਗੀ। ਇਸ ਮੌਕੇ ਮੀਤ ਪ੍ਰਧਾਨ ਹਰਦਿਆਲ ਸਿੰਘ, ਬਲਾਕ ਪ੍ਰਧਾਨ ਗੁਰਪ੍ਰੀਤ ਗੈਵੀ, ਇਕੱਤਰ ਸਿੰਘ, ਗੁਰਜੰਟ ਸਿੰਘ, ਨਿਰਭੈ ਸਿੰਘ ਨਾਮੀ, ਸਤਨਾਮ, ਜੱਗੀ, ਨੇਕ ਮੌੜ, ਅਜੇਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।