ਮਹਿੰਦਰ ਸਿੰਘ ਰੱਤੀਆਂ/ਗੁਰਪ੍ਰੀਤ ਦੌਧਰ
ਮੋਗਾ/ਅਜੀਤਵਾਲ, 1 ਮਾਰਚ
ਇਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਮੀਨੀਆਂ ਦੇ ਰਹਿਣ ਵਾਲੇ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ ਹੋਣ ’ਤੇ ਪਰਿਵਾਰ ਨੇ ਹੱਤਿਆ ਦਾ ਖ਼ਦਸਾ ਪ੍ਰਗਟ ਕਰਦੇ ਥਾਣਾ ਬੱਧਨੀ ਕਲਾਂ ਅੱਗੇ ਲਾਸ਼ ਰੱਖ ਕੇ ਧਰਨਾ ਦਿੱਤਾ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਡੀਐੱਸਪੀ ਨਿਹਾਲ ਸਿੰਘ ਵਾਲਾ ਪਰਸਨ ਸਿੰਘ ਤੇ ਥਾਣਾ ਬੱਧਨੀ ਕਲਾਂ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਹੈ ਕਿ ਮੌਤ ਦੇ ਅਸਲੀ ਕਾਰਨ ਦਾ ਪਤਾ ਪੋਸਟ ਮਾਰਟਮ ਰਿਪੋਰਟ ਆਉਣ ਉੱਤੇ ਲੱਗੇਗਾ ਤੇ ਉਸ ਮੁਤਾਬਕ ਪੁਲੀਸ ਕਾਰਵਾਈ ਕਰੇਗੀ। ਥਾਣਾ ਮੁਖੀ ਮੁਤਾਬਕ ਚਾਰ ਦਿਨ ਪਹਿਲਾਂ ਨਛੱਤਰ ਸਿੰਘ (30) ਪਿੰਡ ਮੀਨੀਆਂ ਨੂੰ ਉਸਦਾ ਭੀਨੂੰ ਨਾਂ ਦਾ ਦੋਸਤ ਘਰ ਤੋਂ ਸੱਦ ਕੇ ਲੈ ਗਿਆ ਸੀ ਤੇ ਉਹ ਦੋਵੇਂ ਹੀ ਉਸ ਦਿਨ ਤੋਂ ਗਾਇਬ ਸਨ। ਉਨ੍ਹਾਂ ਕਿਹਾ ਕਿ ਪੁਲੀਸ ਦੀ ਮੁਢਲੀ ਤਫਤੀਸ਼ ਮੁਤਾਬਕ ਭੀਨੂੰ ਨੇ ਬਰਨਾਲਾ ਤੋਂ ਮੋਟਰਸਾਈਕਲ ਖਰੀਦਿਆ ਸੀ ਤੇ ਮ੍ਰਿਤਕ ਨਛੱਤਰ ਸਿੰਘ ਦੀ ਅਸ਼ਟਾਮ ਪੇਪਰ ਉੱਤੇ ਗਵਾਹੀ ਪਾਈ ਹੋਈ ਹੈ। ਉਨ੍ਹਾਂ ਕਿਹਾ ਕਿ ਦੋਵੇ ਮੋਟਰਸਾਈਕਲ ਖਰੀਦਣ ਬਾਅਦ ਪਿੰਡ ਬੌਡੇ ਕੋਲ ਪੁੱਜਣ ਦੀ ਗੱਲ ਸਾਫ਼ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਦੋਸਤ ਸ਼ਰਾਬ ਪੀਣ ਦੇ ਸ਼ਕੀਨ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕ ਨਛੱਤਰ ਸਿੰਘ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤੇ ਉਸਦੀ ਫ਼ਰੀਦਕੋਟ ’ਚ ਬੀਤੀ ਰਾਤ ਮੌਤ ਹੋ ਗਈ ਹੈ। ਪਿੰਡ ਵਿੱਚ ਪਾਰਟੀਬਾਜ਼ੀ ਹੋਣ ਕਾਰਨ ਕੁਝ ਲੋਕ ਇਸ ਮਾਮਲੇ ਨੂੰ ਤੂਲ ਦੇ ਰਹੇ ਹਨ।
ਦੂਜੇ ਪਾਸੇ ਪਰਿਵਾਰਵਾਲਿਆਂ ਦਾ ਕਹਿਣਾ ਹੈ ਕਿ ਨਛੱਤਰ ਸਿੰਘ ਦੀ ਹੋਈ ਮੌਤ ਕਿਸੇ ਗਿਣੀ ਮਿਥੀ ਸਾਜਿਸ਼ ਦਾ ਨਤੀਜਾ ਹੈ। ਜਿਸਦੇ ਰੋਸ ਵਜੋਂ ਅੱਜ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀਂ ਦੇਰ ਤੱਕ ਲੜਕੇ ਦਾ ਸਸਕਾਰ ਨਹੀਂ ਕਰਨਗੇ। ਮੌਕੇ ’ਤੇ ਪਹੁੰਚੇ ਡੀਐੱਸਪੀ ਪਰਸਨ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਲੜਕੇ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾ ਕੇ ਪੀੜਤ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇਗਾ।
ਪ੍ਰੇਸ਼ਾਨ ਲੜਕੀ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ
ਬੁਢਲਾਡਾ (ਪੱਤਰ ਪ੍ਰੇਰਕ) ਸਿਲਾਈ ਕਢਾਈ ਦਾ ਕੰਮ ਕਰਕੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਰਾਹ ਤੁਰੀ 21 ਸਾਲਾ ਨੌਜਵਾਨ ਲੜਕੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਕੱਤਰ ਜਾਣਕਾਰੀ ਅਨੁਸਾਰ ਇੱਥੋਂ ਨੇੜਲੇ ਪਿੰਡ ਗੁਰਨੇ ਖੁਰਦ ਵਿੱਚ ਜੱਸੀ ਨਾਮੀ ਆਪਣੀ ਬੀ.ਏ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਆਪਣੀ ਉਚੇਰੀ ਵਿੱਦਿਆ ਲਈ ਰੋਜ਼ਾਨਾ ਸਿਲਾਈ ਕਢਾਈ ਦਾ ਕੰਮ ਕਰਦੀ ਆ ਰਹੀ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਹੀ ਸੀ। ਜਿਸ ਨੇ ਜ਼ਹਿਰਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਦਰ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਧਾਰਾ 174 ਦੀ ਕਾਰਵਾਈ ਅਧੀਨ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।