ਲਖਵਿੰਦਰ ਸਿੰਘ
ਮਲੋਟ, 7 ਫਰਵਰੀ
ਅੱਜ ਮਲੋਟ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਕੀਤੇ ਗਏ ਭਗਵੰਤ ਮਾਨ ਨੇ ਭਰਵੇਂ ਇਕੱਠ ਨਾਲ ਹਲਕਾ ਮਲੋਟ ਵਿੱਚ ਬਾਅਦ ਦੁਪਹਿਰ ਸ਼ਮੂਲੀਅਤ ਕੀਤੀ ਅਤੇ ਜੀਟੀ ਰੋਡ ਤੋਂ ਇਲਾਵਾ ਸ਼ਹਿਰ ਦੇ ਮੁੱਖ ਬਾਜ਼ਾਰਾਂ, ਗਾਂਧੀ ਚੌਕ, ਇੰਦਰਾ ਰੋਡ ਮੇਨ ਬਾਜ਼ਾਰ, ਚਾਰ ਖੰਡਾ ਚੌਕ ਤੇ ਕੱਚੀ ਮੰਡੀ ਆਦਿ ’ਚੋਂ ਰੋਡ ਸ਼ੋਅ ਕੱਢਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਪਿੰਡ ਵਿਰਕ ਖੇੜਾ ਵਿੱਚ ਸੈਂਕੜੇ ਵਰਕਰ ਤੇ ਆਗੂ ਇਕੱਠੇ ਹੋਏ, ਜਿਨ੍ਹਾਂ ਵਿੱਚ ਜ਼ਿਆਦਾਤਰ ਇਸ ਖਿੱਤੇ ਦੇ ਨੌਜਵਾਨ ਸਨ, ਜੋ ਭਗਵੰਤ ਮਾਨ ਦੇ ਕਾਫ਼ਲੇ ਦੀ ਮੋਟਰਸਾਈਕਲਾਂ ਰਾਹੀਂ ਅਗਵਾਈ ਕਰ ਰਹੇ ਸਨ। ਇਹ ਕਾਫ਼ਲਾ ਪਿੰਡ ਵਿਰਕ ਖੇੜਾ ਤੋਂ ਪਿੰਡ ਮਲੋਟ ਹੁੰਦਾ ਹੋਇਆ ਸ਼ਹਿਰ ਵਿੱਚ ਤਿਕੋਨੀ ਚੌਕ ਵਾਲੇ ਪਾਸਿਉਂ ਦਾਖਲ ਹੋਇਆ। ਇਸ ਮੌਕੇ ਰਮੇਸ਼ ਅਰਨੀਵਾਲਾ, ਪਰਮਜੀਤ ਸਿੰਘ ਗਿੱਲ, ਗਗਨਦੀਪ ਸਿੰਘ ਔਲਖ, ਜਸਦੇਵ ਸਿੰਘ ਸੰਧੂ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ।