ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੁਲਾਈ
ਮੀਂਹਾਂ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਡੇਂਗੂ ਨੇ ਮਾਨਸਾ ਇਲਾਕੇ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ ਅਤੇ ਪਹਿਲਾਂ ਲੋਕ ਇਸ ਨੂੰ ਸਧਾਰਨ ਬੁਖਾਰ ਹੀ ਸਵੀਕਾਰ ਕਰਦੇ ਹਨ, ਪਰ ਡਾਕਟਰੀ ਮੁਆਇਨੇ ਤੋਂ ਬਾਅਦ ਇਸ ਦੇ ਡੇਂਗੂ ਹੋਣ ਦਾ ਪਤਾ ਲੱਗਦਾ ਹੈ। ਮੀਂਹਾਂ ਕਾਰਨ ਮਲੇਰੀਏ ਦੇ ਮਰੀਜ਼ਾਂ ਦੀ ਗਿਣਤੀ ਵੀ ਜ਼ਿਆਦਾ ਹੋਣ ਲੱਗੀ ਹੈ। ਮਾਨਸਾ ਵਿੱਚ ਡੇਂਗੂ ਨਾਲ ਇੱਕ ਸਰਕਾਰੀ ਅਧਿਆਪਕਾ ਦੀ ਮੌਤ ਹੋਣ ਤੋਂ ਬਾਅਦ ਲੋਕ ਘਬਰਾ ਗਏ ਹਨ, ਪਰ ਇਸ ਮੌਤ ਸਬੰਧੀ ਸਿਹਤ ਵਿਭਾਗ ਪੂਰੀ ਤਰ੍ਹਾਂ ਅਣਜਾਣ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ’ਚ 6 ਡੇਂਗੂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦੋਂ ਕਿ 17 ਸ਼ੱਕੀ ਮਰੀਜ਼ ਹਨ। ਵੇਰਵਿਆਂ ਅਨੁਸਾਰ ਮਹਿਲਾ ਅਧਿਆਪਕ ਤਨਵੀਰ ਕੌਰ ਲਖਵੀਰਵਾਲਾ ਕੁਝ ਦਿਨ ਪਹਿਲਾਂ ਡੇਂਗੂ ਦੀ ਬਿਮਾਰੀ ਦਾ ਸ਼ਿਕਾਰ ਹੋਈ, ਉਸ ਨੂੰ ਪਹਿਲਾਂ ਮਾਨਸਾ ਅਤੇ ਬਾਅਦ ਵਿੱਚ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਸੋਮਵਾਰ ਦੀ ਰਾਤ ਉਸ ਨੇ ਦਮ ਤੋੜ ਦਿੱਤਾ। ਪੁਲੀਸ ਮੁਲਾਜ਼ਮ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਤਨਵੀਰ ਕੌਰ, ਜੋ ਸਰਕਾਰੀ ਸਕੂਲ ਲਖਵੀਰਵਾਲਾ ਵਿਖੇ ਪੜ੍ਹਾਉਂਦੀ ਸੀ, ਕੁੱਝ ਦਿਨ ਪਹਿਲਾਂ ਬਿਮਾਰ ਹੋਈ ਅਤੇ ਉਹ ਡੇਂਗੂ ਪੀੜਤ ਪਾਈ ਗਈ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦੀ ਹਾਲਤ ਵਿਗੜਦੀ ਗਈ ਤਾਂ ਉਸ ਨੂੰ ਲੁਧਿਆਣਾ ਦੇ ਇੱਕ ਵੱਡੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਉਹ ਪੂਰੀ ਤਰ੍ਹਾਂ ਠੀਕ ਨਾ ਹੋ ਸਕੀ ਅਤੇ ਸੋਮਵਾਰ ਦੀ ਰਾਤ ਦਮ ਤੋੜ ਗਈ। ਤਨਵੀਰ ਕੌਰ ਆਪਣੇ ਪਿੱਛੇ ਇੱਕ ਸਾਲ ਦਾ ਮੁੰਡਾ ਅਤੇ ਤਿੰਨ ਸਾਲ ਦੀ ਧੀ ਛੱਡ ਗਈ ਹੈ।
ਕੀ ਕਹਿੰਦੇ ਨੇ ਸਿਹਤ ਵਿਭਾਗ ਦੇ ਅਧਿਕਾਰੀ
ਸਹਾਇਕ ਮਲੇਰੀਆ ਅਫ਼ਸਰ ਕੇਵਲ ਸਿੰਘ ਨੇ ਦੱਸਿਆ ਕਿ ਡੇਂਗੂ ਨਾਲ ਤਨਵੀਰ ਕੌਰ ਦੀ ਹੋਈ ਮੌਤ ਬਾਰੇ ਸਿਹਤ ਵਿਭਾਗ ਨੂੰ ਕੁੱਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਡੇਂਗੂ ਨਾਲ ਹੋਈ ਮੌਤ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਤਨਵੀਰ ਕੌਰ ਦੇ ਮਾਮਲੇ ਬਾਰੇ ਉਹ ਪਤਾ ਕਰਨਗੇ। ਦੂਜੇ ਪਾਸੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਮਾਨਸਾ ਵਿੱਚ ਡੇਂਗੂ ਦੇ 6 ਕੇਸ ਮਿਲੇ ਹਨ ਅਤੇ ਇਸ ਵੇਲੇ 17 ਸ਼ੱਕੀ ਕੇਸ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਮਾਨਸਾ ਵਿਚੋਂ 11 ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ।