ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ
ਮੁਕਤਸਰ ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਪ੍ਰਸ਼ਾਸਨ ਦੀਆਂ ਨਸੀਹਤਾਂ ਤੇ ਮੱਛਰ ਦੇ ਲਾਰਵੇ ਮਾਰਨ ਦੀਆਂ ਕੋਸ਼ਿਸ਼ ਦੇ ਬਾਵਜੂਦ ਡੇਂਗੂ ਦੀ ਬਿਮਾਰੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੁਕਤਸਰ ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 493 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਮਲੋਟ ਦੀ ਬੱਚੀ ਦੀ ਤਾਂ ਮੌਤ ਵੀ ਹੋ ਗਈ ਹੈ। ਬਹੁਤੇ ਮਰੀਜ਼ ਨਿੱਜੀ ਹਸਪਤਾਲਾਂ ’ਚ ਇਲਾਜ ਅਧੀਨ ਹਨ। ਲੋਕਾਂ ਦਾ ਰੋਸ ਹੈ ਕਿ ਪ੍ਰਸ਼ਾਸਨ ਵੱਲੋਂ ਘਰਾਂ ’ਚ ਖੜ੍ਹੇ ਪਾਣੀ ਨੂੰ ਸੁਕਾਉਣ ਲਈ ਤਾਂ ਕਿਹਾ ਜਾਂਦਾ ਹੈ ਪਰ ਖਾਲੀ ਪਲਾਟਾਂ, ਵਾਟਰ ਵਰਕਸ ਦੀਆਂ ਡਿੱਗੀਆਂ ਅਤੇ ਹੋਰ ਜਨਤਕ ਥਾਵਾਂ ਉੱਪਰ ਖੜ੍ਹੇ ਪਾਣੀ ਦੇ ਹੱਲ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਬਿਮਾਰੀ ਦੇ ਮੁਕਾਬਲੇ ਲਈ ਪੁਖਤਾ ਪ੍ਰਬੰਧ ਕਰੇ।
ਇਸ ਦੌਰਾਨ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਲਾਰਵੇ ਨੂੰ ਖਤਮ ਕਰਨ ਦੀ ਦਵਾਈ ਦਿੱਤੀ ਜਾਂਦੀ ਹੈ ਤੇ ਹਸਪਤਾਲਾਂ ’ਚ ਮਰੀਜ਼ਾਂ ਦੇ ਇਲਾਜ ਦਾ ਵੀ ਪੁਖਤਾ ਪ੍ਰਬੰਧ ਹੈ। ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਕੂਲਰ, ਫਰਿਜ ਦੀਆਂ ਟਰੇਆਂ ਤੇ ਗਮਲਿਆਂ ਨੂੰ ਹਫਤੇ ’ਚ ਇਕ ਦਿਨ ਜ਼ਰੂਰ ਖਾਲੀ ਰੱਖਿਆ ਜਾਵੇ।