ਸ਼ਗਨ ਕਟਾਰੀਆ
ਬਠਿੰਡਾ, 13 ਜਨਵਰੀ
ਮਾਲਵਾ ਖਿੱਤਾ ਅੱਜ ਸੁਵਖ਼ਤੇ ਸ਼ੀਤ ਪੌਣਾਂ ਅਤੇ ਸੰਘਣੀ ਧੁੰਦ ਦੀ ਲਪੇਟ ’ਚ ਜਕੜਿਆ ਰਿਹਾ। ਇਹ ਸਥਿਤੀ ਰਾਤ ਤੋਂ ਹੈ। ਧੁੰਦ ਕਾਰਨ ਸੜਕੀ ਅਤੇ ਰੇਲ ਆਵਾਜਾਈ ਦੀ ਰਫ਼ਤਾਰ ਪ੍ਰਭਾਵਿਤ ਹੋਈ। ਬਰਸਾਤੀ ਭੂਰ ਵਾਂਗ ਅਸਮਾਨ ਤੋਂ ਡਿੱਗੀ ਤ੍ਰੇਲ ਸਦਕਾ ਵਾਤਾਵਰਣ ਨਮ ਹੋ ਗਿਆ। ਸਵੇਰੇ 11 ਵਜੇ ਧੁੰਦ ਛਣਨ ’ਤੇ ਦਿਖਾਈ ਦਿੱਤੇ ਸੂਰਜ ਨੇ ਠੰਢ ਦੀ ਮਾਰ ਝੱਲ ਰਹੇ ਲੋਕਾਂ ਨੂੰ ਥੋੜਾ ਸਕੂਨ ਬਖ਼ਸ਼ਿਆ। ਵੱਖ-ਵੱਖ ਥਾਈਂ ਸਵੇਰ ਦੇ ਤਾਪਮਾਨ ਦਾ ਪਾਰਾ 4 ਤੋਂ 5 ਡਿਗਰੀ ਨੋਟ ਕੀਤਾ ਗਿਆ। ਮੌਸਮ ਮਾਹਿਰਾਂ ਅਨੁਸਾਰ ਠੰਢ ਦੀ ਸਥਿਤੀ 17 ਜਨਵਰੀ ਤੱਕ ਇਸੇ ਤਰ੍ਹਾਂ ਰਹੇਗੀ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਅੱਜ ਸਵੇਰੇ ਇਲਾਕੇ ਵਿੱਚ ਸੰਘਣੀ ਧੁੰਦ ਨਾਲ ਜਨਜੀਵਨ ਪ੍ਰਭਾਵਿਤ ਰਿਹਾ ਅਤੇ ਲੋਕ ਘਰਾਂ ’ਚ ਹੀ ਰਹੇ। ਰੇਲਵੇ ਪਲੇਟਫਾਰਮ ’ਤੇ ਮਹਿਜ 10 ਫੁੱਟ ਤੋਂ ਅੱਗੇ ਕੁਝ ਨਜ਼ਰ ਨਹੀਂ ਸੀ ਆ ਰਿਹਾ। ਸੰਘਣੀ ਧੁੰਦ ਕਰਕੇ ਦਿਨ ’ਚ ਵੀ ਵਾਹਨ ਚਾਲਕਾਂ ਨੂੰ ਗੱਡੀਆਂ ਦੀਆਂ ਲਾਈਟਾਂ ਚਲਾਕੇ ਰੱਖਣ ਲਈ ਮਜਬੂਰ ਹੋਣਾ ਪਿਆ। ਅੱਜ ਤਾਪਮਾਨ 10 ਡਿਗਰੀ ਤੋਂ ਘੱਟਣ ਕਰਕੇ ਧੁੰਦ ਅਤੇ ਸੀਤ ਲਹਿਰ ਚੱਲਣ ਕਰਕੇ ਠੰਢ ਹੋਰ ਵਧਾ ਦਿੱਤੀ ਹੈ। ਬਲਾਕ ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਅਤੇ ਸਾਬਕਾ ਖੇਤੀ ਅਫਸਰ ਡਾ. ਰਮੇਸ਼ ਸ਼ਰਮਾ ਦਾ ਕਹਿਣਾ ਹੈ ਕਿ ਇਹ ਧੁੰਦ ਕਣਕ ਦੀ ਫਸਲ ਲਈ ਲਾਭਕਾਰੀ ਹੈ।