ਜਸਵੰਤ ਜੱਸ
ਫਰੀਦਕੋਟ, 19 ਫਰਵਰੀ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਫਰੀਦਕੋਟ ਅਤੇ ਐਲੀਮੈਂਟਰੀ ਟੀਚਰਜ਼ ਯੁੂਨੀਅਨ ਦਾ ਵੱਡਾ ਵਫ਼ਦ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮਿਲਿਆ।
ਅਧਿਆਪਕ ਆਗੂਆਂ ਸੁਖਵਿੰਦਰ ਸਿੰਘ ਸੁੱਖੀ ਅਤੇ ਪ੍ਰੀਤ ਭਗਵਾਨ ਨੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਦੱਸਿਆ ਕਿ ਡੀਈਓ ਐਲੀਮੈਂਟਰੀ ਮਨਿੰਦਰ ਕੌਰ ਦਾ ਵਿਵਹਾਰ ਅਧਿਆਪਕਾਂ ਪ੍ਰਤੀ ਠੀਕ ਨਹੀਂ। ਉਹ ਅਧਿਆਪਕ ਨਾਲ ਮਾੜਾ ਵਰਤਾਅ ਹੀ ਨਹੀਂ ਕਰਦੇ, ਸਗੋਂ ਬੇਲੋੜਾ ਦਬਾਅ ਵੀ ਬਣਾਉਦੇ ਹਨ।
ਅਧਿਆਪਕ ਆਗੂਆਂ ਦੱਸਿਆ ਕਿ ਡਿਪਟੀ ਡੀਈਓ ਐਲੀਮੈਂਟਰੀ ਅਧਿਆਪਕ ਜਥੇਬੰਦੀਆਂ ਨੂੰ ਬਣਦਾ ਸਨਮਾਨ ਨਾ ਦੇ ਕੇ ਉਨ੍ਹਾਂ ਨੂੰ ਮਿਲਣ ਦੀ ਥਾਂ ’ਤੇ ਕਰੋਨਾ ਦੇ ਬਹਾਨੇ ਬਣਾਉਂਦੇ ਹਨ ਪਰ ਦੂਜੇ ਪਾਸੇ ਵੱਡੀਆਂ ਮੀਟਿੰਗਾਂ ਕਰਦੇ ਹੋਏ ਮਾਸਕ ਲਾਉਣਾ ਵੀ ਜ਼ਰੂਰੀ ਨਹੀਂ ਸਮਝਦੇ। ਅਧਿਆਪਕ ਆਗੂਆਂ ਨੇ ਅਪੀਲ ਕੀਤੀ ਕਿ ਅਜਿਹੇ ਅਫ਼ਸਰ ਨੂੰ ਜ਼ਿਲ੍ਹੇ ਤੋਂ ਬਾਹਰ ਭੇਜਿਆ ਜਾਵੇ। ਦੂਜੇ ਪਾਸੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਨਿੰਦਰ ਕੌਰ ਨੇ ਅਧਿਆਪਕਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਨਿਯਮਾਂ ਅਤੇ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਹੇ ਹਨ ਅਤੇ ਉਹਨਾਂ ਨੂੰ ਕੁਝ ਅਧਿਆਪਕਾਂ ਵੱਲੋਂ ਬੇਵਜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।