ਪੱਤਰ ਪ੍ਰੇਰਕ
ਮਾਨਸਾ, 14 ਜੁਲਾਈ
ਭਾਵੇਂ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਨਸਾ ਦੇ ਸੀਵਰੇਜ ਸਿਸਟਮ ’ਚ ਸੁਧਾਰ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ ਇਨ੍ਹਾਂ ਦਾਅਵਿਆਂ ਦੀ ਉਸ ਵੇਲੇ ਫੂਕ ਨਿਕਲ ਗਈ ਜਦੋਂ ਇਸ ਸ਼ਹਿਰ ਦੀਆਂ ਗਲੀਆਂ-ਨਾਲੀਆਂ ਵਿਚ ਹਰ ਰੋਜ਼ ਓਵਰਫਲੋਅ ਹੁੰਦੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਹੋਰ ਵੱਧ ਗਈ। ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੇ ਬਕਾਇਦਾ ਰੂਪ ’ਚ ਲਿਖਤੀ ਪੱਤਰ ਸੀਵਰੇਜ ਬੋਰਡ ਦੇ ਸਥਾਨਕ ਅਧਿਕਾਰੀਆਂ ਨੂੰ ਭੇਜੇ ਗਏ ਹਨ। ਵੇਰਵਿਆਂ ਤੋਂ ਪਤਾ ਲੱਗਿਆ ਕਿ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੇ ਘਰ ਕੋਲ ਸੀਵਰੇਜ ਲਈ ਟੋਭਾ ਬਣਨ ਲੱਗਿਆ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਉਥੇ ਰਹਿੰਦੇ ਲੋਕਾਂ ਵਿੱਚ ਨਵੀਂਆਂ ਮੁਸੀਬਤਾਂ ਅਤੇ ਭਿਆਨਕ ਬਿਮਾਰੀਆਂ ਚਿੰਬੜਨ ਦਾ ਡਰ ਹੈ। ਇਹੋ ਹਾਲ ਗੁਰੂ ਨਾਨਕ ਬਸਤੀ ਦੀਆਂ ਸਾਰੀਆਂ ਗਲੀਆਂ, ਠੂਠਿਆਂਵਾਲੀ ਰੋਡ, ਪ੍ਰੀਤ ਨਗਰ, ਲਾਭ ਸਿੰਘ ਸਟਰੀਟ, ਧੀਰ ਵਾਲੀ ਗਲੀ,ਵੀਰ ਨਗਰ ਮੁਹੱਲਾ,ਕੋਰਟ ਦੇ ਟਿੱਬੇ ਸਮੇਤ ਹੋਰਨਾਂ ਇਲਾਕਿਆਂ ਵਿੱਚ ਇਹ ਸੀਵਰੇਜ ਦਾ ਗੰਦਾ ਪਾਣੀ ਓਵਰ ਫਲੋਅ ਹੋਕੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਮਾਨਸਾ ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ, ਨਿਰਮਲ ਸਿੰਘ ਝੰਡੂਕੇ ਨੇ ਦੋਸ਼ ਲਾਇਆ ਕਿ ਪਿਛਲੇ ਲੰਬੇ ਸਮੇਂ ਤੋਂ ਸੀਵਰ ਦੇ ਓਵਰ ਫਲੋਅ ਹੋਣ ਸਬੰਧੀ ਡਿਪਟੀ ਕਮਿਸ਼ਨਰ ਨਾਲ ਮੀਟਿੰਗਾਂ ਹੋਣ ਦੇ ਬਾਵਜੂਦ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ। ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਪ੍ਰਧਾਨ ਗੁਰਤੇਜ ਸਿੰਘ ਜਗਰੀ ਅਤੇ ਜਨਰਲ ਸਕੱਤਰ ਈਸ਼ਵਰ ਗਰਗ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਹੀ ਹੈ, ਕਿਉਂਕਿ ਲੋਕਾਂ ਦੇ ਸੰਘਰਸ਼ ਤੋਂ ਬਾਅਦ ਸੀਵਰ ਦੀ ਸਫਾਈ ਲਈ ਲੱਗੀ ਮਸ਼ੀਨ ਨੂੰ ਦੋ ਦਿਨਾਂ ਬਾਅਦ ਹਟਾ ਦਿੱਤਾ ਗਿਆ।