ਜੋਗਿੰਦਰ ਸਿੰਘ ਮਾਨ
ਮਾਨਸਾ, 29 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬੇਸ਼ੱਕ ਵੱਡੀ ਪੱਧਰ ‘ਤੇ ਮਾਲਵਾ ਖੇਤਰ ‘ਚੋਂ ਦਿੱਲੀ ਵਿੱਚ ਖੇਤੀ ਅਤੇ ਬਿਜਲੀ ਸੋਧ ਕਾਨੂੰਨ ਵਾਪਸ ਕਰਵਾਉਣ ਲਈ ਪਿੰਡਾਂ ਵਿੱਚੋਂ ਕਿਸਾਨਾਂ ਦੇ ਕਾਫ਼ਲੇ ਗਏ ਹਨ ਪਰ ਇਸ ਦੇ ਬਾਵਜੂਦ ਪਿੱਛੇ ਰਹਿ ਗਏ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਮਘਾਈ ਰੱਖਣ ਲਈ ਧਰਨੇ ਜਾਰੀ ਹਨ। ਜਥੇਬੰਦੀ ਵੱਲੋਂ ਅੱਜ ਮਾਨਸਾ ਵਿੱਚ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਸੂਰਜ ਕੁਮਾਰ ਛਾਬੜਾ ਅਤੇ ਬਣਾਂਵਾਲਾ ਤਾਪ ਘਰ ਅੱਗੇ ਧਰਨੇ ਲਾਏ ਗਏ ਜਿਸ ਦੌਰਾਨ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਬਣਾਂਵਾਲਾ ਤਾਪ ਘਰ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਲਾਲ ਸਿੰਘ ਤਲਵੰਡੀ ਸਾਬੋ ਨੇ ਕਿਹਾ ਕਿ ਪੰਜਾਬ ਵਿੱਚ ਮਹਿੰਗੀ ਬਿਜਲੀ ਕਰਨ ਦਾ ਮੁੱਢ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਗੁਪਤ ਸਮਝੌਤਿਆਂ ਨਾਲ ਬੱਝਿਆ ਹੈ ਅਤੇ ਇਨ੍ਹਾਂ ਪ੍ਰਾਈਵੇਟ ਘਰਾਣਿਆਂ ਤੋਂ ਮੋਟੀਆਂ ਰਿਸ਼ਵਤਾਂ ਲੈ ਕੇ ਇਹ ਸਮਝੌਤੇ ਪਾਸ ਹੋਣ ਤੋਂ ਮਗਰੋਂ ਹੀ ਬਿਜਲੀ ਮਹਿੰਗੀ ਹੋਣ ਲੱਗੀ ਹੈ, ਹਾਲਾਂਕਿ ਉਸ ਵੇਲੇ ਕਿਸਾਨਾਂ, ਮਜ਼ਦੂਰਾਂ ਸਮੇਤ ਪੂਰੇ ਪੰਜਾਬੀਆਂ ਨਾਲ ਦੇਸ਼ ਵਿੱਚ ਸਭ ਤੋਂ ਸਸਤੀ ਬਿਜਲੀ ਦੇਣ ਦਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਥਰਮਲ ਪਲਾਂਟਾਂ ਨੂੰ ਬੰਦ ਕਰਵਾ ਕੇ ਹੀ ਜਥੇਬੰਦੀ ਧਰਨਿਆਂ ਨੂੰ ਚੁੱਕਣ ਲਈ ਕੋਈ ਫੈਸਲਾ ਕਰੇਗੀ। ਇਸੇ ਦੌਰਾਨ ਮਾਨਸਾ ਵਿੱਚ ਭਾਜਪਾ ਨੇਤਾ ਐਡਵੋਕੇਟ ਸੂਰਜ ਕੁਮਾਰ ਛਾਬੜਾ ਦੇ ਘਰ ਅੱਗੇ ਦਿੱਤੇ ਧਰਨੇ ਨੂੰ ਕਿਸਾਨ ਆਗੂ ਸਾਧੂ ਸਿੰਘ ਅਲੀਸ਼ੇਰ ਅਤੇ ਪ੍ਰੀਤਮ ਸਿੰਘ ਰੱਲਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਨਾਲ, ਜਿੱਥੇ ਕਿਸਾਨਾਂ ਦਾ ਉਜਾੜਾ ਹੋਵੇਗਾ, ਉੱਥੇ ਆੜ੍ਹਤੀਆ ਵਰਗ ਤੇ ਪਰਚੂਨ ਦੀਆਂ ਦੁਕਾਨਾਂ ਕਰਨ ਵਾਲੇ ਹੋਰ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਵੱਡੀ ਤਬਾਹੀ ਹੋਵੇਗੀ। ਉਨ੍ਹਾਂ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਰਲ ਕੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਉਣ।
ਬਰਨਾਲਾ (ਪਰਸ਼ੋਤਮ ਬੱਲੀ): ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ ਦੋ ਮਹੀਨੇ ਪੂਰੇ ਹੋਣ ‘ਤੇ ਬੁਲਾਰਿਆਂ ਨੇ ਸੰਘਰਸ਼ ‘ਚ ਲਗਾਤਾਰ ਨਿੱਤਰੇ ਸੰਘਰਸ਼ਸ਼ੀਲਾਂ ਅਤੇ ਸਮਰਥਕਾਂ ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ ਅਤੇ ਭਲਕੇ ਗੁਰੂ ਨਾਨਕ ਦੇਵ ਦਾ 551ਵਾਂ ਪ੍ਰਕਾਸ਼ ਉਤਸਵ ਵੀ ਇਸੇ ਸੰਘਰਸ਼ੀ ਪਿੜ ਵਿੱਚ ਮਨਾਉਣ ਦਾ ਐਲਾਨ ਕੀਤਾ। ਆਗੂਆਂ ਕਿਹਾ ਕਿ ਮੋਦੀ ਸਰਕਰ ਵੱਲੋਂ ਪਾਸ ਕੀਤੇ ਖੇਤੀ ਤੇ ਲੋਕ ਵਿਰੋਧੀ ਕਾਨੂੰਨਾਂ ਖਿਲਾਫ਼ ਸਾਂਝੇ ਕਿਸਾਨ ਸੰਘਰਸ਼ ਨੂੰ ਲੋਕਾਈ ਦੇ ਸਾਰੇ ਮਿਹਨਤਕਸ਼ ਵਰਗ ਡਟਵੀਂ ਹਮਾਇਤ ਦੇ ਰਹੇ ਹਨ। ਅੱਜ ਸੀਨੀਅਰ ਸਿਟੀਜ਼ਨ ਆਪਣੇ ਵੱਡੇ ਕਾਫਲੇ ਸਮੇਤ ਸਾਂਝੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਏ ਅਤੇ 11 ਹਜ਼ਾਰ ਦੀ ਵਡੇਰੀ ਆਰਥਿਕ ਮੱਦਦ ਸੰਚਾਲਕ ਕਮੇਟੀ ਨੂੰ ਸੌਂਪੀ।
ਬੁਲਾਰਿਆਂ ‘ਚ ਸ਼ਾਮਿਲ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ, ਗੁਰਚਰਨ ਸਿੰਘ, ਪਰਮਿੰਦਰ ਸਿੰਘ ਹੰਢਿਆਇਆ, ਨਛੱਤਰ ਸਿੰਘ, ਕਰਨੈਲ ਸਿੰਘ ਗਾਂਧੀ , ਗੁਰਮੇਲ ਸ਼ਰਮਾ, ਮਾ. ਨਿਰੰਜਣ ਸਿੰਘ, ਉਜਾਗਰ ਸਿੰਘ ਬੀਹਲਾ, ਮੁਕੰਦ ਸਿੰਘ ਸੇਵਕ, ਸੁਖਦੇਵ ਸਿੰਘ ਰਾਏ, ਹਰਚਰਨ ਚੰਨਾ, ਨਿਰਭੈ ਸਿੰਘ ਆਦਿ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋਂ ਕਿਸਾਨ ਕਾਫਲਿਆਂ ਨੇ ਦਿੱਲੀ ਘੇਰਨ ਲਈ ਚਾਲੇ ਪਾ ਕੇ ਦਿੱਲੀ ਦੀ ਘੇਰਾਬੰਦੀ ਮਜ਼ਬੂਤ ਕਰ ਲਈ ਹੈ। ਦਿੱਲੀ ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜ਼ਾ ਮਹਿਲਕਲਾਂ ਵਿੱਚ ਚੱਲ ਰਹੇ ਧਰਨਿਆਂ ਉੱਪਰ ਸੰਘਰਸ਼ਸ਼ੀਲ ਕਾਫਲਿਆਂ ਨੂੰ ਮਲਕੀਤ ਸਿੰਘ ਈਨਾ, ਭਾਗ ਸਿੰਘ ਕੁਰੜ, ਮੇਜਰ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀੜਾਲ, ਪਿਸ਼ੌਰਾ ਸਿੰਘ ਹਮੀਦੀ, ਜਸਵੰਤ ਸਿੰਘ , ਬਲਦੇਵ ਸਿੰਘ, ਸੋਹਣ ਸਿੰਘ, ਨਰਿੰਦਰਪਾਲ, ਪਰਮਜੀਤ ਕੌਰ, ਲਾਲ ਸਿੰਘ ਧਨੌਲਾ, ਮੇਲਾ ਸਿੰਘ ਕੱਟੂ,ਸ਼ੇਰ ਸਿੰਘ ਫਰਵਾਹੀ, ਹੇਮ ਰਾਜ ਠੁੱਲੀਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।