ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ, 23 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਧੂੜਕੋਟ ਰਣਸੀਂਹ ਦੀਆਂ ਪਹਿਲਵਾਨ ਲੜਕੀਆਂ ਨੇ 34 ਸੋਨੇ ਦੇ ਤਗ਼ਮੇ ਜਿੱਤੇ। ਇਹ ਲੜਕੀਆਂ ਵੀ ਤੰਗੀਆਂ ਤੁਰਸ਼ੀਆਂ ਨਾਲ ਜੂਝਦੇ ਪਰਵਾਰਾਂ ਦੀਆਂ ਹਨ ਸਿਤਮ ਜ਼ਰੀਫੀ ਹੈ ਕਿ ਅਖਾੜੇ ਕੋਲ ਇਮਾਰਤ ਤੇ ਸਾਮਾਨ ਵੀ ਖਸਤਾ ਹੈ ਨਾ ਸਰਕਾਰੀ ਕੋਚ ਨਾ ਸਰਕਾਰੀ ਖੁਰਾਕ। ਅਖਾੜੇ ਦੇ ਪ੍ਰਧਾਨ ਡਾਕਟਰ ਹਰਗੁਰਪਰਤਾਪ ਸਿੰਘ ਦੀਪ ਹਸਪਤਾਲ ਨੇ ਜੇਤੂ ਕੁਸ਼ਤੀ ਲੜਕੀ ਪਹਿਲਵਾਨਾਂ ਅਤੇ ਜਗਦੀਪ ਜੱਗੂ ਕੋਚ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਮੁਕਾਬਲਿਆਂ ਵਿੱਚ ਕੁੜੀਆਂ ਨੇ 34 ਸੋਨ ਅਤੇ 6 ਚਾਂਦੀ ਅਤੇ 4 ਕਾਂਸੀ ਦੇ ਤਗ਼ਮੇ ਜਿੱਤੇ। ਪਿੰਡ ਧੂੜਕੋਟ ਰਣਸੀਂਹ ਦੇ ਸਰਪੰਚ ਨਰਿੰਦਰ ਸਿੰਘ ਨੇ ਜੇਤੂ ਪਹਿਲਵਾਨਾਂ ਲਈ ਗਿਆਰਾਂ ਹਜ਼ਾਰ ਰੁਪਏ ਇਨਾਮ ਦਿੱਤਾ ।
ਬਰਨਾਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਪੱਧਰੀ ਮੁਕਾਬਲੇ ਸਫ਼ਲਤਾਪੂਰਵਕ ਸਮਾਪਤ ਹੋ ਗਏ। ਅਥਲੀਟ ਸੁਖਪ੍ਰੀਤ ਸਿੰਘ (ਅੰਡਰ 21) ਵਾਸੀ ਪੰਧੇਰ ਜੋ ਕਿ ਪਿਛਲੇ ਦਿਨੀਂ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਦੱਖਣੀ ਅਫਰੀਕਾ ਵਿਚ ਕੈਂਪ ਲਗਾ ਕੇ ਆਇਆ ਹੈ, ਨੇ ਅੰਡਰ 21 ਟ੍ਰਿਪਲ ਜੰਪ ’ਚ ਸੋਨ ਤਗਮਾ ਹਾਸਲ ਕੀਤਾ। ਸੁਖਪ੍ਰੀਤ ਹੁਣ ਰਾਜ ਪੱਧਰੀ ਮੁਕਾਬਲਿਆਂ ’ਚ ਹਿੱਸਾ ਲਵੇਗਾ। ਇਸੇ ਤਰ੍ਹਾਂ ਨੈਸ਼ਨਲ ਅਥਲੀਟ ਗੁਰਦੀਪ ਸਿੰਘ ਕਲੇਰ ਵਾਸੀ ਬਰਨਾਲਾ (ਅੰਡਰ 21) ਨੇ ਵੀ ਅੰਡਰ 21 ਟ੍ਰਿਪਲ ਜੰਪ ਵਿਚ ਸਿਲਵਰ ਮੈਡਲ ਹਾਸਲ ਕੀਤਾ ਹੈ, ਜੋ ਹੁਣ ਸਟੇਟ ਖੇਡਾਂ ਵਿਚ ਹਿੱਸਾ ਲਵੇਗਾ।
ਧਨੌਲਾ (ਪੱਤਰ ਪ੍ਰੇਰਕ): ਜ਼ਿਲ੍ਹਾ ਪੱਧਰੀ ਵਿੱਚ ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀਆਂ ਨੇ 5 ਸੋਨ ਤਗਮੇ ਹਾਸਲ ਕੀਤੇ। ਚੈਅਰਮੈਨ ਬਿਕਰਮਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਮੌਕੇ ਪਰਮਿੰਦਰ ਸਿੰਘ ਅੰਡਰ-21 ,ਗੁਰਪਿੰਦਰ ਸਿੰਘ ਅੰਡਰ-17, ਨਵਪ੍ਰੀਤ ਸਿੰਘ ਅੰਡਰ-14, ਮਨਪ੍ਰੀਤ ਕੌਰ ਅਤੇ ਪਰਵਿੰਦਰ ਕੌਰ ਵੱਲੋਂ ਮੋਹਰੀ ਸਥਾਨ ਹਾਸਲ ਕਰਦਿਆਂ ਤਗ਼ਮੇ ਜਿੱਤੇ।
ਪੰਜ ਖਿਡਾਰੀ ਸਪੋਰਟਸ ਸਕੂਲ ਘੁੱਦਾ ਲਈ ਚੁਣੇ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਰਾਸ਼ਟਰੀ ਹਾਕੀ ਕੋਚ ਸਤਪਾਲ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ ‘ਇਕਓਂਕਾਰ ਹਾਕੀ ਅਕੈਡਮੀ’ ਦੇ ਪੰਜ ਖਿਡਾਰੀ ‘ਸਟੇਟ ਸਪੋਰਟਸ ਸਕੂਲ ਘੁੱਦਾ’ ਲਈ ਚੁਣੇ ਗਏ| ਇਸ ਸਬੰਧ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਵਿੱਚ ਜਸ਼ਨਦੀਪ ਸਿੰਘ, ਲਵਪ੍ਰੀਤ ਸਿੰਘ, ਰਾਜਾ, ਬੌਬੀ ਸਿੰਘ ਅਤੇ ਸਾਜਨ ਸਿੰਘ ਸ਼ਾਮਲ ਹਨ ਜਦੋਂ ਕਿ ਇਸੇ ਅਕੈਡਮੀ ਦੇ ਅਮਨਦੀਪ ਸਿੰਘ ਅਤੇ ਪ੍ਰਿੰਸ ਸਿੰਘ ਮੈਰੀਟੋਰੀਅਸ ਸਕੂਲ ਲਈ ਸਿਲੈਕਟ ਹੋ ਕੇ ਕੇਂਦਰੀ ਹਾਕੀ ਟੀਮ ਲਈ ਚੁਣੇ ਗਏ ਹਨ। ਅਕੈਡਮੀ ਦੀ ਅੰਡਰ-17 ਸਾਲ ਟੀਮ ਮੁਕਤਸਰ ਜ਼ਿਲ੍ਹੇ ਵਿੱਚ ਪਹਿਲੇ ਸਥਾਨ ’ਤੇ ਰਹੀ ਹੈ| ਹਾਕੀ ਕੋਚ ਸ੍ਰੀ ਮਾਨ ਨੇ ਦੱਸਿਆ ਕਿ ਮਹੰਤ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਇਹ ਅਕੈਡਮੀ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਹੈ।
ਗਰਮ ਰੁੱਤ ਸਕੂਲ ਖੇਡਾਂ ਸ਼ੁਰੂ
ਬਠਿੰਡਾ( ਪੱਤਰ ਪ੍ਰੇਰਕ): ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਗਰਮ ਰੁੱਤ ਦੀਆਂ ਸਕੂਲੀ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਇਸ ਲੜੀ ਤਹਿਤ ਬਠਿੰਡੇ ਜਿਲ੍ਹੇ ਦੀਆਂ ਖੇਡਾਂ ਦਾ ਉਦਘਾਟਨ ਅਮ੍ਰਿਤ ਲਾਲ ਅੱਗਰਵਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਕੀਤਾ। ਅੱਜ ਹੋਏ ਮੁਕਾਬਲਿਆਂ ਵਿੱਚ ਖੋ-ਖੋ ਅੰਡਰ 19 ਵਿੱਚ ਬਠਿੰਡਾ-1 ਨੇ ਸੰਗਤ ਅਤੇ ਮੰਡੀ ਕਲਾਂ ਨੇ ਭੁੱਚੋ ਮੰਡੀ ਨੂੰ, ਅੰਡਰ 17 ਵਿੱਚ ਮੰਡੀ ਕਲਾਂ ਨੇ ਮੋੜ ਨੂੰ, ਰੱਸਾਕਸ਼ੀ ਅੰਡਰ 14 ਲੜਕੀਆਂ ਵਿੱਚ ਮੰਡੀ ਫੂਲ ਨੇ ਗੋਨਿਆਣਾ ਨੂੰ, ਤਲਵੰਡੀ ਸਾਬੋ ਨੇ ਮੋੜ ਨੂੰ ਹਰਾਇਆ। ਗੱਤਕਾ ਅੰਡਰ 14 ਲੜਕੀਆਂ ਵਿੱਚ ਭੁੱਚੋ ਨੇ ਪਹਿਲਾਂ ਮੋੜ ਨੇ ਦੂਜਾ, ਫੁਟਬਾਲ ਅੰਡਰ 17 ਮੁੰਡੇ ਵਿੱਚ ਤਲਵੰਡੀ ਸਾਬੋ ਨੇ ਮੌੜ ਨੂੰ, ਮੰਡੀ ਕਲਾਂ ਨੇ ਮੰਡੀ ਫੂਲ ਨੂੰ, ਅੰਡਰ 19 ਵਿੱਚ ਮੰਡੀ ਫੂਲ ਨੇ ਗੋਨਿਆਣਾ ਨੂੰ, ਭੁੱਚੋ ਮੰਡੀ ਨੇ ਮੰਡੀ ਕਲਾਂ ਨੂੰ ਹਰਾਇਆ।