ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 8 ਅਕਤੂਬਰ
ਇੱਕ ਪਾਸੇ ਜਿੱਥੇ ਖੇਤੀਬਾੜੀ ਵਿਭਾਗ ਨਰਮੇ ਦੀ ਖੇਤੀ ਨੂੰ ਵਧਾਉਣ ਲਈ ਕਿਸਾਨਾ ਨੂੰ ਉਤਸ਼ਾਹਿਤ ਕਰ ਰਿਹਾ ਹੈ ਦੂਸਰੇ ਪਾਸੇ ਵਿਭਾਗ ਦੇ ਡਾਕਟਰ ਨਰਮੇ ਦੀ ਫ਼ਸਲ ਨੂੰ ਲਾਹੇਵੰਦ ਬਣਾਉਣ ਲਈ ਕੀਟਨਾਸ਼ਕ ਦਵਾਈਆਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਦੇ ਰਹੇ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਨਕਲੀ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਨਾਲ ਬਰਬਾਦ ਹੋ ਰਹੀਆ ਹਨ। ਇਸ ਤਰ੍ਹਾਂ ਦੇ ਦੋਸ਼ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਉੱਪਰ ਬਲਾਕ ਸੰਗਤ ਦੇ ਪਿੰਡ ਕੁਟੀ ਕਿਸ਼ਨਪੁਰਾ ਦੇ ਕਿਸਾਨਾਂ ਨੇ ਲਾਏ ਹਨ। ਪਿੰਡ ਕੁੱਟੀ ਕਿਸ਼ਨਪੁਰਾ ਦੇ ਕਿਸਾਨ ਬੂਟਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸਾਢੇ ਚਾਰ ਏਕੜ ਨਰਮੇ ਦੀ ਫਸਲ ਨਕਲੀ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਕਰਕੇ ਬਰਬਾਦ ਹੋ ਗਈ ਹੈ। ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਢੇ ਚਾਰ ਏਕੜ ਜ਼ਮੀਨ ਵਿੱਚ ਨਰਮੇ ਦੀ ਬਿਜਾਈ ਕੀਤੀ ਸੀ ਪਰ ਜਦ ਫਸਲ ਪੱਕਣ ਤੋਂ ਆਈ ਤਾਂ ਉਸ ਵੱਲੋਂ ਨਾਲ ਲੱਗਦੇ ਪਿੰਡ ਜੱਸੀ ਬਾਗਵਾਲੀ ਦੇ ਇਕ ਡੀਲਰ ਤੋਂ ਕੀਟਨਾਸ਼ਕ ਦਵਾਈ ਲਿਆ ਕੇ ਛਿੜਕਾਅ ਕੀਤਾ। ਡੀਲਰ ਵੱਲੋਂ ਉਨ੍ਹਾਂ ਨੂੰ ਗਲਤ ਕੀਟਨਾਸ਼ਕ ਦਵਾਈ ਦੇ ਦਿੱਤੀ ਗਈ, ਜਿਸ ਕਾਰਨ ਫ਼ਸਲ ਨੂੰ ਇਕਦਮ ਹੀ ਫਲ ਲੱਗਣਾ ਬੰਦ ਹੋ ਗਿਆ ਤੇ ਹੁਣ ਆਲਮ ਇਹ ਹੈ ਕਿ ਖੇਤ ਵਿੱਚ ਸਿਰਫ ਬੂਟੇ ਹੀ ਦਿਖਾਈ ਦੇ ਰਹੇ ਹਨ। ਪੀੜਤ ਕਿਸਾਨ ਨੇ ਦੱਸਿਆ ਕਿ ਉਹ ਇਸ ਸਬੰਧੀ ਸੰਗਤ ਬਲਾਕ ਦੇ ਖੇਤੀਬਾੜੀ ਅਫਸਰ ਧਰਮਪਾਲ ਮੌਰੀਆ ਨੂੰ ਵੀ ਮਿਲ ਚੁੱਕਿਆ ਹੈ ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਜੋ ਰਿਪੋਰਟ ਸੰਗਤ ਬਲਾਕ ਦੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਬਣਾ ਕੇ ਉੱਚ ਅਫਸਰਾਂ ਨੂੰ ਭੇਜੀ ਗਈ ਹੈ ਉਹ ਵੀ ਸਬੰਧਿਤ ਅਫਸਰਾਂ ਅਤੇ ਦਵਾਈਆਂ ਦੇ ਡੀਲਰ ਦੀ ਮਿਲੀ ਭੁਗਤ ਨਾਲ ਬਣਾਈ ਗਈ ਹੈ ਜੋ ਕਿ ਅਸਲ ਸਚਾਈ ਤੋਂ ਕੋਹਾਂ ਦੂਰ ਹੈ। ਇਸ ਸਬੰਧੀ ਜਦੋਂ ਬਲਾਕ ਖੇਤੀਬਾੜੀ ਅਧਿਕਾਰੀ ਡਾ ਧਰਮਪਾਲ ਮੌਰੀਆ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਨ੍ਹਾਂ ਵੱਲੋਂ ਟੈਕਨੀਕਲ ਟੀਮ ਗਠਿਤ ਕਰਕੇ ਮਾਮਲੇ ਦੀ ਰਿਪੋਰਟ ਬਣਾ ਕੇ ਵਿਭਾਗ ਦੇ ਚੀਫ ਨੂੰ ਭੇਜ ਦਿੱਤੀ ਹੈ। ਵਿਭਾਗ ਵੱਲੋਂ ਡੀਲਰ ਦੇ ਸਟਾਕ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕੋਈ ਕਮੀ ਨਹੀਂ ਪਾਈ ਗਈ। ਰਿਪੋਰਟ ਸਬੰਧੀ ਲੱਗੇ ਮਿਲੀ ਭੁਗਤ ਦੇ ਦੋਸ਼ਾਂ ਨੂੰ ਉਨ੍ਹਾਂ ਬੇਬੁਨਿਆਦ ਦੱਸਿਆ।