ਪੱਤਰ ਪ੍ਰੇਰਕ
ਚਾਉਕੇ, 18 ਮਈ
ਵਿਧਾਨ ਸਭਾ ਹਲਕਾ ਮੌੜ ਅਧੀਨ ਆਉਂਦੇ ਵੱਡੇ ਚਾਰ ਪਿੰਡ ਮੰਡੀ ਕਲਾਂ, ਚਾਉਕੇ, ਰਾਮਪੁਰਾ ਅਤੇ ਬਾਲਿਆਂਵਾਲੀ ਵਿੱਚ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਦੀ ਚੋਣ ਨਾ ਕਰਵਾਈ ਜਾਣ ਕਾਰਨ ਅਤੇ ਪੰਚਾਇਤ ਵਿਭਾਗ ਵੱਲੋਂ ਕੋਈ ਪ੍ਰਬੰਧਕ ਵੀ ਨਾ ਲਗਾਏ ਜਾਣ ’ਤੇ ਇਨ੍ਹਾਂ ਪਿੰਡ ਵਿੱਚ ਵਿਕਾਸ ਕਾਰਜਾਂ ਦੇ ਕੰਮ ਅੱਧ ਵਿਚਾਲੇ ਲਟਕ ਗਏ ਹਨ। ਇਸ ਕਾਰਨ ਪਿੰਡ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਚਾਉਕੇ ਦੇ ਸਮਾਜ ਸੇਵੀ ਰਾਮ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਪੰਚਾਇਤ ਨਾ ਹੋਣ ਕਾਰਨ ਪਿੰਡ ਵਿੱਚ ਸਫ਼ਾਈ ਦਾ ਬੁਰਾ ਹਾਲ ਹੈ, ਨਾਲੀਆਂ ਗੰਦੀ ਗਾਰ ਨਾਲ ਭਰੀਆਂ ਪਈਆਂ ਹਨ, ਪਾਣੀ ਓਵਰਫ਼ਲੋਅ ਹੋ ਕੇ ਗਲੀਆਂ ਵਿਚ ਆ ਖੜ੍ਹਾ ਹੈ। ਪਿੰਡ ਰਾਮਪੁਰਾ ਦੇ ਕਿਸਾਨ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜ ਧਰਮਸ਼ਾਲਾ, ਪਾਰਕ ਆਦਿ ਕੰਮ ਅੱਧ ਵਿਚਕਾਰ ਲਟਕ ਗਏ ਹਨ, ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਵਿਢਿਆ ਜਾਵੇਗਾ। ਪਿੰਡ ਮੰਡੀ ਕਲਾਂ ਦੇ ਲੱਖਾ ਸਿੰਘ ਲਾਲੋਕੇ ਨੇ ਕਿਹਾ ਕਿ ਨਾਲੀਆਂ ਦਾ ਪਾਣੀ ਗਲੀਆਂ ਵਿਚ ਭਰ ਜਾਂਦਾ ਹੈ।
ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਰਾਮਪੁਰਾ ਦੇ ਸੁਪਰਡੈਂਟ ਸ਼ਰਨਜੀਤ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਮਾਰਚ ਤੋਂ ਇਨ੍ਹਾਂ ਪਿੰਡਾਂ ਦੇ ਵਿਕਾਸ ਕਾਰਜ ਰੋਕ ਦਿੱਤੇ ਗਏ ਹਨ ਅਤੇ ਮਨਰੇਗਾ ਦੇ ਕੰਮਾਂ ਅਤੇ ਪੰਚਾਇਤੀ ਜ਼ਮੀਨ ਦੀ ਬੋਲੀ ਲਈ ਬੀਡੀਪੀਓ ਫੂਲ ਦੀ ਡਿਊਟੀ ਲਗਾਈ ਗਈ ਹੈ। ਜਲ ਸਪਲਾਈ ਵਿਭਾਗ ਦੇ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਗ੍ਰਾਮ ਪੰਚਾਇਤ ਵਿੱਚ ਤਬਦੀਲ ਹੋਣ ਕਾਰਨ ਉਨ੍ਹਾਂ ਕੋਲ ਹਾਲੇ ਤੱਕ ਚਾਰਜ ਸੰਭਾਲਣ ਦੇ ਹੁਕਮ ਨਹੀਂ ਆਏ ਹਨ ਪਰ ਫਿਰ ਵੀ ਉਹ ਪਿੰਡ ਵਿੱਚ ਕਮੇਟੀਆਂ ਬਣਾ ਕੇ ਪਾਣੀ ਸਪਲਾਈ ਨਿਰੰਤਰ ਕਰਵਾ ਰਹੇ ਹਨ।