ਪਵਨ ਗੋਇਲ
ਭੁੱਚੋ ਮੰਡੀ, 16 ਸਤੰਬਰ
ਪਿੰਡ ਲਹਿਰਾ ਮੁਹੱਬਤ ਦੇ ਵਾਸੀਆਂ ਨੇ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ’ਤੇ ਕਰੋਨਾ ਕਾਲ ਦੌਰਾਨ ਬੰਦ ਹੋਏ ਤਿੰਨ ਰੇਲ ਗੱਡੀਆਂ ਦੇ ਠਹਿਰਾਅ ਮੁੜ ਸ਼ੁਰੂ ਕਰਵਾਉਣ ਲਈ ਅੱਜ ਵੱਖ-ਵੱਖ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆ ਦੇ ਸਹਿਯੋਗ ਨਾਲ ਧਰਨਾ ਦਿੱਤਾ ਅਤੇ ਰੇਲਵੇ ਵਿਭਾਗ ਦੀ ਬੇਰੁਖੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਰੇਲ ਗੱਡੀਆ ਦਾ ਠਹਿਰਾਅ ਜਲਦੀ ਸ਼ੁਰੂ ਕੀਤਾ ਜਾਵੇ। ਪੰਜ ਘੰਟਿਆਂ ਤੋਂ ਬਾਅਦ ਪਿੰਡ ਵਾਸੀਆਂ ਨੇ ਜਦੋਂ ਧਰਨੇ ਨੂੰ ਰੇਲਵੇ ਟਰੈਕ ’ਤੇ ਤਬਦੀਲ ਕਰਨ ਦਾ ਐਲਾਨ ਕੀਤਾ ਤਾਂ ਬਠਿੰਡਾ ਤੋਂ ਪਹੁੰਚੇ ਅਧਿਕਾਰੀਆਂ ਨੇ ਮੰਗ ਪੱਤਰ ਲਿਆ ਅਤੇ ਜਲਦੀ ਹੀ ਰੇਲਾਂ ਦੇ ਠਹਿਰਾਅ ਸਬੰਧੀ ਸੂਚਨਾ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ, ਐਕਸ਼ਨ ਕਮੇਟੀ ਦੇ ਹਰਦੀਪ ਸਿੰਘ, ਸੁਖਮੰਦਰ ਸਿੰਘ, ਸੁਖਦਰਸ਼ਨ ਸਿੰਘ, ਬਲਵੀਰ ਸਿੰਘ, ਨਿਰਭੈ ਸਿੰਘ, ਪ੍ਰਕਾਸ਼ ਸਿੰਘ ਅਤੇ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਉਹ ਅੰਬਾਲੇ ਰੇਲਵੇ ਵਿਭਾਗ ਦੇ ਉਚ ਅਧਿਕਾਰੀਆਂ, ਸਟੇਸ਼ਨ ਮਾਸਟਰ ਅਤੇ ਭਾਜਪਾ ਦੇ ਸੂਬਾਈ ਆਗੂ ਦਿਆਲ ਸਿੰਘ ਸੋਢੀ ਨੂੰ ਮੰਗ ਪੱਤਰ ਦੇ ਚੁੱਕੇ ਹਨ। ਪਰ ਰੇਲਵੇ ਅਧਿਕਾਰੀਆਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਕਾਰਨ ਪਿੰਡ ਵਾਸੀਆਂ ਨੂੰ ਮਜਬੂਰਨ ਸਟੇਸ਼ਨ ’ਤੇ ਧਰਨਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਮੁੱਖ ਸ਼ਹਿਰਾਂ ਚੰਡੀਗੜ੍ਹ, ਪਟਿਆਲਾ, ਅੰਬਾਲਾ ਅਤੇ ਹਰਿਦੁਆਰ ਜਾਣ ਲਈ ਰਾਮਪੁਰਾ ਜਾਂ ਬਠਿੰਡਾ ਜੰਕਸ਼ਨ ’ਤੇ ਜਾਣਾ ਪੈਦਾ ਹੈ। ਇਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਇਲਾਕੇ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ। ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੇਲ ਸਿੰਘ, ਜਸਪਾਲ ਸਿੰਘ, ਭਾਕਿਯੂ ਡਕੌਂਦਾ (ਧਨੇਰ) ਦੇ ਸੁਖਚਰਨ ਸਿੰਘ, ਜੁਗਰਾਜ ਸਿੰਘ, ਭਾਕਿਯੂ ਕ੍ਰਾਂਤੀਕਾਰੀ ਦੇ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ, ਪਰਮਿੰਦਰ ਸਿੰਘ, ਪਿੰਡ ਦੇ ਮੋਹਤਬਰ ਸਾਬਕਾ ਪੰਚ ਇੰਦਰਜੀਤ ਸਿੰਘ, ਅਮਰੀਕ ਸਿੰਘ, ਪਰਗਟ ਸਿੰਘ ਅਤੇ ਵੀਰ ਸਿੰਘ ਨੇ ਸੰਬੋਧਨ ਕੀਤਾ। ਇਸ ਸਬੰਧੀ ਸਟੇਸ਼ਨ ਮਾਸਟਰ ਸੰਜੈ ਕੁਮਾਰ ਨੇ ਕਿਹਾ ਕਿ ਧਰਨੇ ਸਬੰਧੀ ਰਿਪੋਰਟ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ। ਪਹਿਲਾਂ ਵੀ ਪਿੰਡ ਵਾਸੀਆਂ ਦੇ ਮੰਗ ਪੱਤਰ ਅਧਿਕਾਰੀਆਂ ਨੂੰ ਭੇਜੇ ਜਾ ਚੁੱਕੇ ਹਨ। ਇਸ ਮੌਕੇ ਰੇਲਵੇ ਦੀ ਮਹਿਲਾ ਪੁਲੀਸ ਸਮੇਤ ਰੇਲਵੇ ਪੁਲੀਸ ਤਾਇਨਾਤ ਸੀ।