ਸ਼ਗਨ ਕਟਾਰੀਆ
ਜੈਤੋ, 20 ਜੂਨ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਖੇਤੀ ਸੈਕਟਰ ਲਈ ਨਿਰਵਿਘਨ ਅੱਠ ਘੰਟੇ ਸਪਲਾਈ ਦੀ ਮੰਗ ਲਈ ਅੱਜ ਇੱਥੇ ਬਿਜਲੀ ਘਰ ਅੱਗੋਂ ਲੰਘਦੀ ਬਠਿੰਡਾ-ਫ਼ਰੀਦਕੋਟ ਸੜਕ ’ਤੇ ਧਰਨਾ ਲਾਇਆ।
ਆਗੂਆਂ ਦੋਸ਼ ਲਾਇਆ ਕਿ ਖੇਤੀ ਮੋਟਰਾਂ ਨੂੰ ਬਿਜਲੀ ਟੁੱਟਵੇਂ ਰੂਪ ’ਚ ਅਤੇ ਅੱਠ ਘੰਟਿਆਂ ਤੋਂ ਘੱਟ ਮਿਲਦੀ ਹੈ। ਉਨ੍ਹਾਂ ਮੰਗ ਕਿਹਾ ਕਿ ਝੋਨੇ ਦੀ ਲੁਆਈ ਦਾ ਕੰਮ ਸਿਖ਼ਰਾਂ ’ਤੇ ਹੈ ਪਰ ਪਾਣੀ ਦੀ ਕਮੀ ਕਰਕੇ ਕੰਮ ’ਚ ਖੜੋਤ ਆ ਰਹੀ ਹੈ। ਉਨ੍ਹਾਂ ਧਰਨੇ ਦੌਰਾਨ ਕੇਂਦਰ ਸਰਕਾਰ ਦੇ ‘ਇਕ ਦੇਸ਼-ਇਕ ਮੰਡੀ’ ਦੀ ਆਲੋਚਨਾ ਕਰਦਿਆਂ ਕਿਹਾ ਕਿ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦਾ ਖਤਮ ਹੋਣਾ ਕਿਸਾਨੀ ਲਈ ਘਾਤਕ ਹੋਵੇਗਾ। ਉਨ੍ਹਾਂ ਇਸ ਲਈ ਭਾਜਪਾ ਅਤੇ ਉਸ ਦੇ ਭਾਈਵਾਲ ਅਕਾਲੀ ਦਲ ਦੀ ਤਿੱਖੀ ਆਲੋਚਨਾ ਕਰਦਿਆਂ ਸੰਘਰਸ਼ ਦਾ ਪਿੜ ਭਖ਼ਾਉਣ ਬਾਰੇ ਖੁਲਾਸੇ ਕੀਤੇ। ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਬਿਜਲੀ ਸਪਲਾਈ ਦਰੁਸਤ ਕਰਨ ਦਾ ਭਰੋਸਾ ਮਿਲਣ ਪਿੱਛੋਂ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ।
ਧਰਨੇ ਨੂੰ ਨਛੱਤਰ ਸਿੰਘ ਜੈਤੋ, ਕਸ਼ਮੀਰ ਸਿੰਘ ਰੋੜੀਕਪੂਰਾ, ਛਿੰਦਰਪਾਲ ਸਿੰਘ, ਕੇਵਲ ਸਿੰਘ, ਜਲੌਰ ਸਿੰਘ ਆਦਿ ਨੇ ਸੰਬੋਧਨ ਕੀਤਾ।