ਸ਼ਹਿਣਾ:
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕਿਸਾਨਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਲੈ ਕੇ ਪਾਵਰਕੌਮ ਦੇ ਸ਼ਹਿਣਾ ਦਫ਼ਤਰ ਦੇ ਗੇਟ ’ਤੇ ਧਰਨਾ ਲਾਇਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਅਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਕਿਸਾਨਾਂ ਦੀਆਂ ਬਿਜਲੀ ਨਾਲ ਸਬੰਧਤ ਕਈ ਮੰਗਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਧਿਆਨ ‘ਚ ਲਿਆਦੀਆਂ ਗਈਆਂ, ਪ੍ਰੰਤੂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਬਿਜਲੀ ਦੇ ਲੰਮੇ ਕੱਟ ਲੱਗ ਰਹੇ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲਾਰੇ ਲਾਏ ਜਾ ਰਹੇ ਹਨ। ਐਸਡੀਓ ਅੰਤਪਾਲ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਦੋ ਗਰਿੱਡ ਅਤੇ 14 ਪਿੰਡ ਖਾਲੀ ਹਨ। ਉਨ੍ਹਾਂ ਕਿਹਾ ਕਿ ਜੱਥੇਬੰਦੀਆਂ ਦੇ ਸਾਰੇ ਹੀ ਆਗੂਆਂ ਦਾ ਮਸਲਾ ਹੱਲ ਕੀਤਾ ਜਾ ਰਿਹਾ ਹੈ ਪ੍ਰੰਤੂ ਤਿੰਨ ਛੁੱਟੀਆਂ ਹੋਣ ਕਾਰਨ ਕੰਮ ਵਿੱਚ ਰੁਕਾਵਟ ਆ ਜਾਂਦੀ ਹੈ। -ਪੱਤਰ ਪ੍ਰੇਰਕ