ਪੱਤਰ ਪ੍ਰੇਰਕ
ਜ਼ੀਰਾ, 11 ਸਤੰਬਰ
ਇੱਥੇ ਪਿਛਲੇ ਲੰਮੇ ਸਮੇਂ ਤੋਂ ਮੋਤੀ ਬਾਗ ਮਾਰਕੀਟ ਦੇ ਨਾਲ ਸਰਕਾਰੀ ਕੁਆਰਟਰਾਂ ਵਿੱਚ ਚੱਲ ਰਹੇ ਓਟ ਸੈਂਟਰ ਨੂੰ ਲੈ ਕੇ ਮੋਤੀ ਬਾਗ ਮਾਰਕੀਟ ਜ਼ੀਰਾ ਦੇ ਦੁਕਾਨਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਨਸ਼ਾ ਛਡਵਾਉਣ ਵਾਲੀਆਂ ਗੋਲੀਆਂ ਲੈਣ ਆਏ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਦੁਕਾਨਦਾਰੀ ਵਿੱਚ ਵਿਘਨ ਪਾਇਆ ਜਾਂਦਾ ਹੈ ਜਿਸ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਰੋਸ ਧਰਨਾ ਲਗਾਇਆ ਗਿਆ। ਇਸ ਮੌਕੇ ਹੈਲਪਿੰਗ ਹੈਂਡਜ਼ ਸੰਸਥਾ ਜ਼ੀਰਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਬਲੂ, ਅਮਨਦੀਪ ਸਿੰਘ ਛਾਬੜਾ ਪ੍ਰਧਾਨ ਯੂਥ ਅਰੋੜ ਵੰਸ਼ ਮਹਾਂਸਭਾ ਜ਼ੀਰਾ ਆਦਿ ਨੇ ਦੱਸਿਆ ਕਿ ਨਸ਼ਾ ਛੁਡਵਾਉਣ ਦੀਆਂ ਗੋਲੀਆਂ ਲੈਣ ਆਏ ਵਿਅਕਤੀਆਂ ਵੱਲੋਂ ਮਾਰਕੀਟ ਵਿੱਚ ਖੜ੍ਹੇ ਹੋ ਕੇ ਗਾਲੀ ਗਲੋਚ ਅਤੇ ਲੜਾਈ ਝਗੜਾ ਕੀਤਾ ਜਾਂਦਾ ਸੀ, ਜਿਸ ਕਾਰਨ ਦੁਕਾਨਾਂ ਤੇ ਆਉਣ ਵਾਲੇ ਗਾਹਕਾਂ ਅਤੇ ਖਾਸ ਤੌਰ ਤੇ ਮਹਿਲਾਵਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਦੁਕਾਨਦਾਰਾਂ ਵੱਲੋਂ ਸਮੇਂ -ਸਮੇਂ ਤੇ ਥਾਣਾ ਸਿਟੀ ਜ਼ੀਰਾ ਅਤੇ ਸਿਵਲ ਹਸਪਤਾਲ ਜ਼ੀਰਾ ਦੀ ਐੱਸਐੱਮਓ ਮਨਜੀਤ ਕੌਰ ਨੂੰ ਲਿਖਤੀ ਰੂਪ ਵਿੱਚ ਓਟ ਸੈਂਟਰ ਨੂੰ ਬਦਲਣ ਲਈ ਦਰਖਾਸਤਾਂ ਦਿੱਤੀਆਂ ਗਈਆਂ, ਪ੍ਰੰਤੂ ਮਸਲਾ ਹੱਲ ਨਾ ਹੋਇਆ ਜਿਸ ਤੋਂ ਦੁਖੀ ਹੋਏ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਧਰਨਾ ਲਗਾ ਦਿੱਤਾ। ਇਸ ਮੌਕੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਪੁੱਤਰ ਅਤੇ ਯੂਥ ਆਗੂ ਸ਼ੰਕਰ ਕਟਾਰੀਆ ਨੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਓਟ ਸੈਂਟਰ ਬਦਲਣ ਦਾ ਵਿਸ਼ਵਾਸ ਦਿਵਾਇਆ ਜਿਸ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਧਰਨੇ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੇ ਐਡਜੈਕਟਿਵ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਪ੍ਰਧਾਨ ਸੁਖਦੇਵ ਸਿੰਘ ਪ੍ਰਧਾਨ, ਪ੍ਰੀਤਮ ਸਿੰਘ ਆਦਿ ਪੁੱਜੇ।