ਪੱਤਰ ਪ੍ਰੇਰਕ
ਫਾਜ਼ਿਲਕਾ, 2 ਮਈ
ਛੋਟਾ ਹਾਥੀ, ਪਿਕਅਪ ਅਤੇ ਰੇਹੜਾ ਯੂਨੀਅਨ ਵੱਲੋਂ ਮੋਟਰਸਾਈਕਲ ਜੁਗਾੜੂ ਰੇਹੜੀਆਂ ਬੰਦ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਬਾਧਾ ਨਹਿਰ ਦੇ ਨੇੜੇ ਆਵਾਜਾਾਈ ਠੱਪ ਕਰਕੇ ਅਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨਾਂ ਦੇ ਆਗੂਆਂ ਜਗਸੀਰ ਸਿੰਘ ਫਾਜ਼ਿਲਕਾ, ਜਗਰੂਪ ਸਿੰਘ ਜਲਾਲਾਬਾਦ, ਨੀਲਾ ਸਿੰਘ, ਅੰਗਰੇਜ਼ ਸਿੰਘ, ਸਤਪਾਲ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਬੀਤੇ ਦਿਨੀਂ ਪਹਿਲਾਂ ਮੋਟਰ ਸਾਈਕਲ ਜੁਗਾੜੂ ਰੇਹੜੀਆਂ ਬੰਦ ਕਰ ਦਿੱਤੀਆਂ ਗਈਆਂ ਸਨ, ਪ੍ਰੰਤੂ ਉਸੇ ਦਿਨ ਪੰਜਾਬ ਸਰਕਾਰ ਨੇ ਉਕਤ ਜੁਗਾੜੂ ਰੇਹੜੀਆਂ ਨੂੰ ਦੁਬਾਰਾ ਚਲਾ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜੁਗਾੜੂ ਰੇਹੜੀਆਂ ਕਾਰਨ ਛੋਟਾ ਹਾਥੀ ਅਤੇ ਪਿਕਅਪ ਵਾਲਿਆਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ ਅਤੇ ਉਹ ਹਰ ਸਾਲ ਟੈਕਸ ਭਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਕਤ ਜੁਗਾੜੂ ਰੇਹੜੀਆਂ ਚਲਾਉਣੀਆਂ ਹਨ ਤਾਂ ਸਾਡੇ ਟੈਕਸ, ਪਾਸਿੰਗ, ਬੀਮੇ ਅਤੇ ਟੋਲ ਟੈਕਸ ਮੁਆਫ਼ ਕੀਤੇ ਜਾਣ।
ਜ਼ੀਰਾ (ਪੱਤਰ ਪ੍ਰੇਰਕ): ਛੋਟਾ ਹਾਥੀ ਤੇ ਪਿੱਕਅੱਪ ਯੂਨੀਅਨ ਵੱਲੋਂ ਜ਼ੀਰਾ ਵੱਲੋਂ ਆਪਣੇ ਹੱਕਾਂ ਵਾਸਤੇ ਮੁੱਖ ਚੌਕ ਜ਼ੀਰਾ ਵਿਖੇ ਪੰਜਾਬ ਸਰਕਾਰ ਦੇ ਵਿਰੁੱਧ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪਿਕਅੱਪ ਯੂਨੀਅਨ ਦੇ ਪ੍ਰਧਾਨ ਨੈਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜੁਗਾੜੀ ਮੋਟਰਸਾਈਕਲ ਰੇਹੜੀਆਂ ਤੋਂ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਇਹਨਾਂ ਰੇਹੜੀਆਂ ਦੇ ਮਾਲਕ ਘੱਟ ਰੇਟਾਂ ਵਿੱਚ ਸਾਮਾਨ ਲੈ ਕੇ ਢੋਆ-ਢੁਆਈ ਦਾ ਕੰਮ ਕਰਦੇ ਹਨ। ਇਸ ਮੌਕੇ ਪ੍ਰਧਾਨ ਨੈਬ ਸਿੰਘ ਨੇ ਕਿਹਾ ਕਿ ਸਾਡਾ ਕੰਮ ਠੱਪ ਹੋ ਕਿ ਰਹਿ ਗਿਆ ਹੈ , ਜਿਸ ਨਾਲ ਸਾਡੇ ਤੇ ਆਰਥਿਕ ਬੋਝ ਪੈ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜੁਗਾੜੀ ਰੇਹੜੀਆਂ ਨੂੰ ਬੰਦ ਨਾ ਕੀਤਾ ਤਾਂ ਸਾਨੂੰ ਤਿੱਖਾ ਸੰਘਰਸ਼ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।
ਮਹਿਲ ਕਲਾਂ (ਪੱਤਰ ਪ੍ਰੇਰਕ): ਪਿੱਕਅੱਪ ਅਤੇ ਟਾਟਾ ਏਸ ਯੂਨੀਅਨ ਮਹਿਲ ਕਲਾਂ ਵੱਲੋਂ ਜਗਾੜੂ ਰੇਹੜੀਆ ਬੰਦ ਕਰਨ ਦੀ ਮੰਗ ਲਈ ਅੱਜ ਲੁਧਿਆਣਾ ਬਰਨਾਲਾ ਮੁੱਖ ਮਾਰਗ ’ਤੇ ਮਹਿਲ ਕਲਾਂ ਵਿਖੇ ਦੋ ਘੰਟੇ ਲਈ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਨਾਅਰੇਬਾਜੀ ਕਰਦਿਆਂ ਚਾਲਕਾਂ ਨੇ ਜੁਗਾੜੂ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿੱਕਅੱਪ ਅਤੇ ਟਾਟਾ ਏਸ ਚਾਲਕ ਸਰਕਾਰ ਨੂੰ ਟੈਕਸ ਦਿੰਦੇ ਹਨ ਪਰ ਜੁਗਾੜੂ ਰੇਹੜੀ ਚਾਲਕ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈ ਕੋਰਟ ਦਾ ਫ਼ੈਸਲਾ ਸੂਬੇ ਅੰਦਰ ਤੁਰੰਤ ਲਾਗੂ ਕਰਕੇ ਜੁਗਾੜੂ ਰੇਹੜੀਆਂ ਬੰਦ ਕੀਤੀਆ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਯੂਨੀਅਨ ਆਗੂ ਅਵਤਾਰ ਸਿੰਘ, ਜਸਬੀਰ ਸਿੰਘ, ਭਾਨ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ ਆਦਿ ਨੇ ਕਿਹਾ ਕਿ ਕੰਡਮ ਹੋਏ ਮੋਟਰਸਾਈਕਲਾਂ ਦੀ ਜੁਗਾੜੂ ਰੇਹੜੀ ਬਣਾ ਕੇ ਸਵਾਰੀਆਂ ਦੀ ਢੋਆ-ਢੁਆਈ ਕਰਕੇ ਜਾਨ ਖ਼ਤਰੇ ਵਿੱਚ ਪਾ ਕੇ ਓਵਰਲੋਡ ਸਾਮਾਨ ਲੱਦਿਆ ਜਾ ਰਿਹਾ ਹੈ।
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ‘ਚ ਜੁਗਾੜੂ ਵਹੀਕਲਾਂ ਦਾ ਵਿਰੋਧ ਟਾਟਾ ਏਸ ਚਾਲਕਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਕੋਟਕਪੂਰੇ ਦੇ ਬੱਤੀਆਂ ਵਾਲੇ ਚੌਂਕ ਵਿਚ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਟਾਟਾ ਏਸ ਛੋਟਾ ਹਾਥੀ ਯੂਨੀਅਨ ਵੱਲੋਂ ਆਵਾਜਾਈ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਲੁਧਿਆਣਾ-ਸ਼੍ਰੀਗੰਗਾਨਗਰ ਰੋਡ ’ਤੇ ਸਥਿਤ ਇਹ ਚੌਕ ਦੋ ਸੂਬਿਆਂ ਦੀ ਆਵਾਜਾਈ ਨੂੰ ਆਪਸ ਵਿਚ ਜੋੜਦਾ ਹੈ। ਆਵਾਜਾਈ ਜਾਮ ਹੋਣ ਕਰਕੇ ਵਹੀਕਲਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਯਾਤਰੀਆਂ ਨੂੰ ਲੋਹੜੇ ਦੀ ਇਸ ਗਰਮੀ ਵਿਚ ਕਾਫੀ ਮੁਸ਼ੱਕਤ ਕਰਨੀ ਪਈ। ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਵਹੀਕਲਾਂ ਨੂੰ ਚੱਲਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ। ਉਪ ਮੰਡਲ ਮੈਜਿਸਟਰੇਟ ਕੋਟਕਪੂਰਾ ਵਰਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਟਾਟਾ ਏਸ ਚਾਲਕਾਂ ਨੂੰ ਭਰੋਸਾ ਦੁਆਇਆ ਕਿ 6 ਮਈ ਨੂੰ ਚੰਡੀਗੜ੍ਹ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਮੀਟਿੰਗ ਕਰਕੇ ਇਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।