ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 29 ਦਸੰਬਰ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਬ੍ਰਾਂਚ ਜਲਾਲਾਬਾਦ ਦੇ ਵਰਕਰਾਂ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਸਮੂਹਿਕ ਛੁੱਟੀ ਕਰ ਕੇ ਜਲ ਸਪਲਾਈ ਦਫ਼ਤਰ ਗੁੰਮਾਨੀਵਾਲਾ ਵਿਚ ਇਕੱਠੇ ਹੋ ਕੇ ਬ੍ਰਾਂਚ ਪ੍ਰਧਾਨ ਗੁਰਮੀਤ ਸਿੰਘ ਆਲਮਕੇ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਵਿਰੁੱਧ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਚੱਕ ਜਾਨੀਸਰ ਤੋਂ ਇਲਾਵਾ ਬਲਵਿੰਦਰ ਸਿੰਘ ਨੂਰ ਸਮੰਦ, ਰਾਕੇਸ਼ ਸਿੰਘ ਹੀਰੇਵਾਲਾ, ਸੁਖਚੈਨ ਸਿੰਘ ਸੋਢੀ, ਸੁਖਦੇਵ ਸਿੰਘ ਸੁੱਖੀ ਨੇ ਵੀ ਸੰਬੋਧਨ ਕੀਤਾ।
ਭੀਖੀ (ਪੱਤਰ ਪ੍ਰੇਰਕ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਠੇਕਾ ਕਾਮਿਆਂ ਵੱਲੋਂ ਸਮੂਹਿਕ ਛੁੱਟੀ ਕਰ ਕੇ ਮੁਕੰਮਲ ਕੰਮ ਜਾਮ ਕਰ ਕੇ ਇੱਥੇ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਐਂਪਲਾਈਜ਼ ਕੰਟਰੈਕਟ ਤੇ ਲੇਵਰ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਆਗੂ ਜਸਵੀਰ ਸਿੰਘ ਤੇ ਬਰਾਚ ਆਗੂ ਪਰਦੀਪ ਸਿੰਘ, ਗੋਗੀ ਸਿੰਘ ਨੇ ਕਿਹਾ ਕਿ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਦੋ ਜਨਵਰੀ 2022 ਨੂੰ ਖੰਨਾ ਵਿਚ ਅੰਮ੍ਰਿਤਸਰ-ਦਿੱਲੀ ਮਾਰਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
ਬਰਨਾਲਾ (ਖੇਤਰੀ ਪ੍ਰਤੀਨਿਧ): ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਬਰਨਾਲਾ ਦੇ ਸੱਦੇ ’ਤੇ ਐਕਸੀਅਨ ਜਲ ਸਪਲਾਈ ਬਰਨਾਲਾ ਦੇ ਮੰਡਲ ਦਫ਼ਤਰ ਅੱਗੇ ਬਲਵਿੰਦਰ ਸਿੰਘ ਗਰੇਵਾਲ ਤੇ ਖੁਸ਼ਮਿੰਦਰਪਾਲ ਹੰਡਿਆਇਆ ਦੀ ਪ੍ਰਧਾਨਗੀ ਹੇਠ ਵਰਕਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਧਰਨਾ ਦਿੱਤਾ ਗਿਆ।
ਇਸ ਮੌਕੇ ਮਹਿਮਾ ਸਿੰਘ ਧਨੌਲਾ, ਅਨਿਲ ਕੁਮਾਰ ਤੇ ਦਰਸ਼ਨ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਛੇਵੇਂ ਪੇਅ-ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਨੂੰ ਛੇ ਮਹੀਨੇ ਬੀਤ ਚੁੱਕੇ ਹਨ ਪਰ ਦਫ਼ਤਰ ਦੇ ਵਰਕਰਾਂ ਦੀਆਂ ਪੇਅ ਫਿਕਸ਼ੇਸਨਾਂ ਨਹੀਂ ਕੀਤੀਆਂ ਜਾ ਰਹੀਆਂ। ਵਰਦੀਆਂ ਦੀ ਗ੍ਰਾਂਟ ਹੈੱਡ ਆਫਿਸ ਵੱਲੋਂ ਅਕਤੂਬਰ ਮਹੀਨੇ ’ਚ ਆ ਚੁੱਕੀ ਹੈ ਵਰਦੀਆਂ ਨਹੀਂ ਦਿੱਤੀਆਂ ਗਈਆਂ।