ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 6 ਸਤੰਬਰ
ਬਲਾਕ ਸ਼ਹਿਣਾ ਦੀਆ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸ਼ਹਿਣਾ ਸੇਵਾ ਕੇਂਦਰ ਨੂੰ ਮੁੜ ਚਲਵਾਉਣ ਲਈ ਸਥਾਨਕ ਬਰਨਾਲਾ-ਬਾਜਾਖਾਨਾ ਜੀਟੀ ਰੋਡ ਜਾਮ ਕਰਕੇ ਧਰਨਾ ਦਿੱਤਾ। ਜ਼ਿਕਰਯੋਗ ਹੈ ਕਿ ਇਸ ਸਬੰਧੀ ਕਿਸਾਨਾਂ ਵੱਲੋਂ ਕੁਝ ਦਿਨ ਪਹਿਲਾ ਡੀਸੀ ਬਰਨਾਲਾ ਨੂੰ ਮੰਗ ਪੱਤਰ ਦੇ ਕੇ 5 ਸਤੰਬਰ ਤੱਕ ਸੇਵਾ ਕੇਂਦਰ ਚਲਵਾਉਣ ਦੀ ਮੰਗ ਕੀਤੀ ਗਈ ਸੀ ਅਤੇ ਸੇਵਾ ਕੇਂਦਰ ਚਾਲੂ ਨਾ ਹੋਣ ਦੀ ਸੂਰਤ ਵਿੱਚ ਧਰਨਾ ਦੇਣ ਐਲਾਨ ਕੀਤਾ ਗਿਆ ਸੀ। ਧਰਨੇ ਦੌਰਾਨ ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਭੋਲਾ ਸਿੰਘ ਛੰਨਾ ਨੇ ਕਿਹਾ ਕਿ ਸ਼ਹਿਣਾ ਸੇਵਾ ਕੇਂਦਰ ਦਾ ਉਦਘਾਟਨ ਕਿਸੇ ਸਿਆਸੀ ਆਗੂ ਤੋਂ ਨਹੀਂ ਕਰਨ ਦਿੱਤਾ ਜਾਵੇਗਾ। ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਪਿੰਡ ਸ਼ਹਿਣਾ ਦੀ ਆਬਾਦੀ 22 ਹਜ਼ਾਰ ਹੈ। ਸ਼ਹਿਣਾ ਵਿੱਚ ਬਲਾਕ ਦਫਤਰ ਹੈ, ਇਸ ਤੋਂ ਇਲਾਵਾ ਇਲਾਕੇ ਦੇ ਕਰੀਬ 25-30 ਪਿੰਡਾਂ ਦੇ ਲੋਕਾਂ ਨੂੰ ਵੀ ਸੇਵਾ ਕੇਂਦਰ ਨਾਲ ਸਬੰਧਤ ਕੰਮਾਂ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ ਅਤੇ ਆਪਣੇ ਕੰਮਾਂ ਲਈ 10-20 ਕਿਲੋਮੀਟਰ ਦੂਰ ਸ਼ਹਿਰ ਜਾਣਾ ਪੈਂਦਾ ਹੈ। ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੇਵਾ ਕੇਂਦਰ ਚਲਾਉਣ ਲਈ ਕਾਂਗਰਸੀ ਲੀਡਰਾਂ ਵੱਲੋਂ ਉਦਘਾਟਨ ਦੀ ਅੜ੍ਹੀ ਫੜੀ ਹੋਈ, ਜਦ ਕਿ ਕਿਸਾਨਾਂ ਵੱਲੋਂ ਸ਼ਹਿਣਾ ਵਿੱਚ ਸਿਆਸੀ ਲੋਕਾਂ ਦੇ ਆਉਣ ’ਤੇ ਪਾਬੰਦੀ ਹੈ।
ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਫ਼ਤੇ ’ਚ ਕੇਂਦਰ ਚਲਾਉਣ ਦਾ ਭਰੋਸਾ
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਨਾਇਬ ਤਹਿਸੀਲਦਾਰ ਹਰੀਸ ਕੁਮਾਰ, ਡੀਐੱਸਪੀ ਤਪਾ ਬਲਜੀਤ ਸਿੰਘ ਬਰਾੜ, ਐਸਐਚਓ ਸ਼ਹਿਣਾ ਨਰਦੇਵ ਸਿੰਘ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਸੇਵਾ ਕੇਂਦਰ ਹਫ਼ਤੇ ਅੰਦਰ ਚਲਦਾ ਕਰ ਦਿੱਤਾ ਜਾਵੇਗਾ ਅਤੇ ਕੋਈ ਸਿਆਸੀ ਲੀਡਰ ਦਖ਼ਲ ਨਹੀ ਦੇਵੇਗਾ। ਇਸ ਮਗਰੋਂ ਧਰਨਾ ਚੁੱਕ ਲਿਆ ਗਿਆ।