ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 21 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਗੁੰਮਟੀ ਕਲਾਂ ਵੱਲੋਂ ਸੇਵਾ ਕੇਂਦਰ ਨੂੰ ਚਾਲੂ ਕਰਵਾਉਣ ਲਈ ਐੱਸਡੀਐੱਮ ਫੂਲ ਨੂੰ ਲਿਖਤੀ ਪੱਤਰ ਦਿੱਤਾ ਗਿਆ। ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਹਰਨੇਕ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿੰਡ ਗੁੰਮਟੀ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਚਲਦਾ ਸੇਵਾ ਕੇਂਦਰ ਤਬਦੀਲ ਕਰਕੇ ਭਾਈਰੂਪਾ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਈਰੂਪਾ ਪਿੰਡ ਦੇ ਵਸਨੀਕਾਂ ਨੇ ਪਿਛਲੇ ਸਮੇਂ ਸੇਵਾ ਕੇਂਦਰ ਨੂੰ ਅੱਗ ਲਗਾ ਦਿੱਤੀ ਸੀ ਜਿਸ ਕਾਰਨ ਉਹ ਬੰਦ ਹੋ ਗਿਆ ਸੀ ਪਰ ਹੁਣ ਗੁੰਮਟੀ ਕਲਾਂ ਦਾ ਸੇਵਾ ਕੇਂਦਰ ਬੰਦ ਕਰਕੇ ਭਾਈਰੂਪਾ ਵਿੱਚ ਚਾਲੂ ਕਰ ਦਿੱਤਾ ਗਿਆ ਹੈ ਜੋ ਸਰਾਸਰ ਗਲਤ ਹੈ। ਇਹ ਸੇਵਾ ਕੇਂਦਰ ਬੰਦ ਹੋਣ ਕਾਰਨ ਕਈ ਪਿੰਡਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਬਹੁਤ ਵਧੀਆ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਪਿੰਡ ਵਾਸੀਆਂ ਨੇ ਜਥੇਬੰਦੀ ਦੀ ਅਗਵਾਈ ਹੇਠ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਕਾਂਗੜ ਨੇ ਵਿਸ਼ਵਾਸ ਦਿਵਾਇਆ ਸੀ ਕਿ 19 ਅਕਤੂਬਰ ਤੱਕ ਇਹ ਸੇਵਾ ਕੇਂਦਰ ਚਾਲੂ ਕਰ ਦਿੱਤਾ ਜਾਵੇਗਾ ਪਰ ਉਹ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਗੁੰਮਟੀ ਕਲਾਂ ਦਾ ਸੇਵਾ ਕੇਂਦਰ 24 ਘੰਟਿਆਂ ’ਚ ਚਾਲੂ ਕੀਤਾ ਜਾਵੇ ਨਹੀਂ ਜਥੇਬੰਦੀ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ।
ਇਸ ਮੌਕੇ ਤਹਿਸੀਲਦਾਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇੱਕ ਹਫ਼ਤੇ ’ਚ ਸੇਵਾ ਕੇਂਦਰ ਚਾਲੂ ਕਰ ਦਿੱਤਾ ਜਾਵੇਗਾ ਕਿਉਂਕਿ ਡੀਸੀ ਦਫ਼ਤਰ ਬਠਿੰਡਾ ਵੱਲੋਂ ਸੇਵਾ ਕੇਂਦਰ ਚਾਲੂ ਕਰਨ ਸਬੰਧੀ ਪੱਤਰ ਉਨ੍ਹਾਂ ਦੇ ਦਫ਼ਤਰ ਪਹੁੰਚ ਗਿਆ ਹੈ।