ਪੱਤਰ ਪ੍ਰੇਰਕ
ਮਾਨਸਾ, 26 ਮਾਰਚ
ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ (ਏਕਟੂ) ਵੱਲੋਂ ਮਾਨਸਾ ਜ਼ਿਲ੍ਹੇ ਦੇ ਕਸਬਾ ਜੋਗਾ ਵਿਚ ਇੱਕ ਭੱਠੇ ’ਤੇ ਕੰਮ ਕਰਦੇ ਭੱਠਾ ਮਜ਼ਦੂਰਾਂ ਉਪਰ ਹਮਲਾ ਹੋਣ ਖ਼ਿਲਾਫ਼ ਅੱਜ ਜਥੇਬੰਦੀ ਵੱਲੋਂ ਐਸਐੱਸਪੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬੋਹਾ, ਜ਼ਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ ਨੇ ਕਿਹਾ ਕਿ ਬੀਤੀ ਸ਼ਾਮ ਭੱਠਾ ਮਜ਼ਦੂਰਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਹਮਲੇ ਲਈ ਐਸਐਚਓ ਥਾਣਾ ਜੋਗਾ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਮਜ਼ਦੂਰਾਂ ਦੇ ਵਾਰ ਵਾਰ ਸੂਚਿਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਨਹੀਂ ਕਾਰਵਾਈ। ਉਨ੍ਹਾਂ ਕਿਹਾ ਕਿ ਮਜ਼ਦੂਰ ਬਹੁਤ ਗੰਭੀਰ ਹਾਲਤ ’ਚ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਉਨ੍ਹਾਂ ਦੋਸ਼ ਲਾਇਆ ਕਿ ਹਮਲਾਵਰਾਂ ਨੇ ਗੰਡਾਸੇ ਤੇ ਤਲਵਾਰਾਂ ਨਾਲ ਮਜ਼ਦੂਰਾਂ ਦੇ ਪੈਰਾਂ ਦੀਆਂ ਉਂਗਲੀਆਂ ਵੱਢ ਦਿੱਤੀਆਂ, ਪੈਰ ਵਿੱਚ ਤਲਵਾਰ ਮਾਰ ਕੇ ਪੈਰ ਦੋ ਹਿੱਸੇ ਕਰ ਦਿੱਤੇ ਹਨ। ਹਸਪਤਾਲ ਵਿੱਚ ਜ਼ੇਰੇ ਇਲਾਜ ਜੋਗਿੰਦਰ ਦੇ ਸਿਰ ’ਤੇ ਗੰਡਾਸੇ ਨਾਲ ਹਮਲਾ ਕੀਤਾ ਗਿਆ। ਰਾਮਵਿਲਾਸ ਅਤੇ ਕੁਲਦੀਪ ਦੀਆਂ ਬਾਹਾਂ ਤੋੜ ਦਿੱਤੀਆਂ ਗਈਆਂ। ਪੈਰਾਂ ਨੂੰ ਵੱਢ ਦਿੱਤਾ ਗਿਆ ਅਤੇ ਬੱਚੇ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਇਸ ਮੌਕੇ ਗੁਰਸੇਵਕ ਸਿੰਘ ਮਾਨ, ਦਰਸ਼ਨ ਸਿੰਘ ਦਾਨੇਵਾਲੀਆ, ਕ੍ਰਿਸ਼ਨਾ ਕੌਰ ਮਾਨਸਾ, ਬਲਵਿੰਦਰ ਸਿੰਘ ਘਰਾਂਗਣਾ, ਦੇਵੇਂਦਰ ਸਿੰਘ, ਭਾਨੂੰ, ਰਾਮ, ਹਰੀਓਮ, ਛੋਟੇ ਲਾਲ ਤੇ ਦੀਵਾਨ ਸਿੰਘ ਵੀ ਮੌਜੂਦ ਸਨ।