ਪੱਤਰ ਪ੍ਰੇਰਕ
ਰੂੜੇਕੇ ਕਲਾਂ, 5 ਦਸੰਬਰ
ਨੇੜਲੇ ਪਿੰਡ ਧੌਲਾ ਦੇ 66 ਕੇਵੀ ਗਰਿੱਡ ਦੀ ਮਾੜੀ ਬਿਜਲੀ ਸਪਲਾਈ ਤੋਂ ਤੰਗ ਆਏ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਧਰਨਾ ਲਾਇਆ ਤੇ ਖੇਤੀ ਖੇਤਰ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ। ਇਸ ਮੌਕੇ ਬਲਾਕ ਕਿਸਾਨ ਆਗੂ ਬਲਜਿੰਦਰ ਧੌਲਾ, ਮਨਪ੍ਰੀਤ ਸਿੰਘ ਰੂੜੇਕੇ ਅਤੇ ਜਗਸੀਰ ਸਿੰਘ ਕਾਲਾ ਨੇ ਕਿਹਾ ਕੇ ਕਣਕ ਦੀ ਫਸਲ ਨੂੰ ਪਾਣੀ ਲਾਉਣ ਲਈ 66 ਕੇਵੀ ਗਰਿੱਡ ਧੌਲਾ ਵੱਲੋਂ ਖੇਤੀ ਖੇਤਰ ਲਈ ਪੂਰੀ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਤੇ ਫੀਡਰਾਂ ’ਤੇ ਵੱਡੇ ਵੱਡੇ ਕੱਟ ਲਾ ਕੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਭਾਵੇਂ ਪਾਵਰਕੌਮ ਵੱਲੋਂ ਇਕ ਦਿਨ ਛੱਡ ਕੇ ਦਸ ਘੰਟੇ ਬਿਜਲੀ ਸਪਲਾਈ ਦੇਣ ਦਾ ਸ਼ਡਿਊਲ ਜਾਰੀ ਕੀਤੀ ਗਿਆ ਹੈ ਪਰ ਸਪਲਾਈ ਮਸਾਂ ਚਾਰ ਘੰਟੇ ਛੱਡੀ ਜਾ ਰਹੀ ਹੈ ਜਿਸ ਨਾਲ ਕਣਕ ਦਾ ਇਕ ਵੀ ਕਿਆਰਾ ਨਹੀਂ ਸਿੰਜਿਆ ਜਾ ਰਿਹਾ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕੇ ਜੇ ਦੋ ਦਿਨਾਂ ਵਿਚ ਬਣਦੀ ਨਿਰਵਿਘਨ ਬਿਜਲੀ ਸਪਲਾਈ ਚਾਲੂ ਨਾ ਕੀਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮੇਜਰ ਸਿੰਘ, ਮੰਗਲ ਸਿੰਘ ਅਤੇ ਬਾਵਾ ਸਿੰਘ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ। ਕਾਰਜਕਾਰੀ ਇੰਜਨੀਅਰ ਗਰਿੱਡ ਜਸਵੀਰ ਸਿੰਘ ਨੇ ਇਸ ਸਬੰਧੀ ਕਿਹਾ ਕੇ ਪੀਸੀ ਦੇ ਸੰਦੇਸ਼ ਅਨੁਸਾਰ ਹੀ ਅਸੀਂ ਸਪਲਾਈ ਦੇ ਰਹੇ ਹਾਂ। ਪਿੱਛੋਂ ਪਾਵਰਕੱਟ ਲੱਗਣ ਕਾਰਨ ਹੀ ਸਪਲਾਈ ਵਿਚ ਦਿੱਕਤ ਆ ਰਹੀ ਹੈ ।