ਪਰਸ਼ੋਤਮ ਬੱਲੀ
ਬਰਨਾਲਾ, 3 ਜਨਵਰੀ
ਸੀ.ਪੀ.ਆਈ. (ਐੱਮ.ਐੱਲ.) ਲਬਿਰੇਸ਼ਨ ਵੱਲੋਂ ਪਿੰਡ ਧੌਲਾ ਵਿੱਚ ਮਜ਼ਦੂਰਾਂ ਦੇ ਸੰਨ 1975 ਵਿੱਚ ਕੱਟੇ ਹੋਏ ਰਿਹਾਇਸ਼ੀ ਪਲਾਟਾਂ ਦੇ ਕਬਜ਼ੇ ਦਿਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਬਰਨਾਲਾ ਦਫ਼ਤਰ ਵਿੱਚ ਦਿਨ-ਰਾਤ ਦਾ ਧਰਨਾ ਆਰੰਭ ਦਿੱਤਾ ਗਿਆ ਹੈ।
ਲਬਿਰੇਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਨਾਲ ਹਮੇਸ਼ਾਂ ਹੀ ਵਿਤਕਰਾ ਕਰਦੀ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੇਘਰਿਆਂ ਨੂੰ ਪਲਾਟ ਦੇਣ ਦੇ ਵਾਅਦਿਆਂ ਦੇ ਬਾਵਜੂਦ ਵੱਡੀ ਪੱਧਰ ’ਤੇ ਮਜ਼ਦੂਰਾਂ ਤੇ ਦਲਿਤਾਂ ਨੂੰ ਪਲਾਟ ਸਕੀਮ ਤੋਂ ਵਾਂਝੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਧੌਲਾ ਦੇ ਦਲਿਤ ਮਜ਼ਦੂਰਾਂ ਦੇ ਸੰਨ 1975 ’ਚ ਕੱਟੇ ਪਲਾਟਾਂ ਦਾ ਲਾਭਪਾਤਰੀਆਂ ਨੂੰ ਕਬਜ਼ਾ ਅੱਜ ਤੱਕ ਨਹੀਂ ਦਿਵਾਇਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਪੰਜ ਦਿਨਾਂ ਦੇ ਅੰਦਰ-ਅੰਦਰ ਧੌਲਾ ਦੇ ਸਬੰਧਿਤ ਮਜ਼ਦੂਰਾਂ ਨੂੰ ਅਲਾਟ ਪਲਾਟਾਂ ਦਾ ਕਬਜ਼ਾ ਨਾ ਦਿਵਾਇਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬੂਟਾ ਸਿੰਘ ਧੌਲਾ, ਜਗਸੀਰ ਸਿੰਘ, ਬਿੱਕਰ ਸਿੰਘ, ਬਲਦੇਵ ਸਿੰਘ, ਰਾਮ ਲਾਲ, ਬੂਟਾ ਸਿੰਘ, ਪਰਕਾਸ਼ ਸਿੰਘ, ਜੀਤੋ ਕੌਰ, ਸੁਖਵਿੰਦਰ ਕੌਰ, ਛੋਟੀ ਕੌਰ, ਮਿੰਦੋ ਕੌਰ, ਗੁਰਮੀਤ ਕੌਰ ਤੇ ਲਾਭ ਕੌਰ ਆਦਿ ਆਗੂ ਹਾਜ਼ਰ ਸਨ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਤਪਾ ਮੰਡੀ ਦੇ ਐੱਸਸੀ ਭਾਈਚਾਰੇ ਵੱਲੋਂ ਆਪਣੀ ਬਣਦੀ ਜਗ੍ਹਾ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਅਤੇ ਦਲਿਤਾਂ ਉੱਤੇ ਹੋਏ ਪੁਲੀਸ ਜਬਰ ਦੀ ਨਿਖੇਧੀ ਕੀਤੀ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਨਰਲ ਸੈਕਟਰੀ ਪਰਮਜੀਤ ਲੌਂਗੋਵਾਲ ਅਤੇ ਸ਼ੇਰਪੁਰ ਬਲਾਕ ਦੀ ਆਗੂ ਕਰਮਜੀਤ ਕੌਰ ਨੇ ਕਿਹਾ ਕਿ ਇਸ ਪਿੰਡ ਦੇ ਐੱਸ.ਸੀ. ਭਾਈਚਾਰੇ ਨੂੰ ਉਕਤ ਜ਼ਮੀਨ ਸੰਨ 1978 ਵਿੱਚ ਰੂੜੀਆਂ ਅਤੇ ਲੈਟਰੀਨਾਂ ਲਈ ਅਲਾਟ ਕੀਤੀ ਗਈ ਸੀ ਪਰ ਹੁਣ ਮਿਉਂਸਿਪਲ ਕਮੇਟੀ ਦੇ ਕਾਂਗਰਸੀ ਪ੍ਰਧਾਨ ਦੀ ਕਥਿਤ ਸ਼ਹਿ ’ਤੇ ਪੁਲੀਸ ਨੇ ਗਰੀਬਾਂ ’ਤੇ ਡੰਡਾ ਵਰ੍ਹਾ ਕੇ ਤਸ਼ੱਦਦ ਕੀਤਾ ਅਤੇ ਗੋਲੀਆਂ ਵੀ ਚਲਾਈਆਂ।
ਆਗੂਆਂ ਕਿਹਾ ਕਿ ਕਾਂਗਰਸ ਦੀ ਸ਼ਹਿ ’ਤੇ ਪੁਲਸੀਆ ਜਬਰ ਨਿੰਦਣਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਅੱਧੀ ਦਰਜਨ ਸਮੇਤ ਔਰਤਾਂ ਨੌਜਵਾਨਾਂ ਅਤੇ ਬਜ਼ੁਰਗਾਂ ’ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਐੱਸ.ਸੀ. ਭਾਈਚਾਰੇ ਦਾ ਬਣਦਾ ਜ਼ਮੀਨੀ ਹਿੱਸਾ ਉਨ੍ਹਾਂ ਨੂੰ ਤੁਰੰਤ ਦਿੱਤਾ ਜਾਵੇ।