ਪੱਤਰ ਪ੍ਰੇਰਕ
ਗਿੱਦੜਬਾਹਾ, 20 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਮਾਰੂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਕੀਤੇ ਐਲਾਨ ਉਪਰੰਤ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਡਿੰਪੀ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਸਦਕਾ ਕਾਲੇ ਕਨੂੰਨਾਂ ਦਾ ਹਨੇਰਾ ਦੂਰ ਹੋ ਗਿਆ ਹੈ। ਇਸ ਮੌਕੇ ਦਿੱਲੀ ਧਰਨੇ ਦੌਰਾਨ ਸ਼ਹੀਦ ਹੋਏ ਕਿਸਾਨ ਭੈਣਾਂ-ਭਰਾਵਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਸ਼ਹਿਣਾ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਖੁਸ਼ੀ ’ਚ ਕਸਬੇ ਸ਼ਹਿਣਾ ਵਿੱਚ ਲੱਡੂ ਵੰਡੇ ਗਏ।
ਭਗਤਾ ਭਾਈ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਦਫ਼ਤਰ ਭਗਤਾ ਭਾਈ ਵਿੱਚ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਿਸਾਨ ਸੰਘਰਸ਼ ਦੀ ਹੋਈ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਨੇਚਰਪਾਰਕ ਵਿਚ ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਤੇ ਹੋਰਾਂ ਨੇ ਖੇਤੀ ਕਾਨੂੰਨਾਂ ਦੀ ਜਿੱਤੀ ਲੜਾਈ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜੀਤਮੁਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਸ਼ਹੀਦਾਂ ਦੀ ਦੇਣ ਹੈ।
ਕਾਂਗਰਸ ਨੇ ਕਿਸਾਨ ਵਿਜੈ ਦਿਵਸ ਮਨਾਇਆ
ਸਿਰਸਾ (ਪੱਤਰ ਪ੍ਰੇਰਕ): ਕਾਲਾਂਵਾਲੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਹੈ ਕਿ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦਿੱਤਾ, ਜਿਸ ਮਗਰੋਂ ਪ੍ਰਧਾਨ ਮੰਤਰੀ ਨੂੰ ਖੇਤੀ ਕਾਨੂੰਨ ਰੱਦ ਕੀਤੇ ਜਾਣ ਦਾ ਐਲਾਨ ਕਰਨਾ ਪਿਆ ਹੈ। ਕਾਂਗਰਸ ਇਸ ਨੂੰ ਵਿਜੈ ਦਿਵਸ ਦੇ ਰੂਪ ਵਿੱਚ ਮਨਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਸੱਤ ਸੌ ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਹਨ।
ਅਧਿਆਪਕ ਦਲ ਵੱਲੋਂ ਕਿਸਾਨਾਂ ਨੂੰ ਜਿੱਤ ਦੀ ਵਧਾਈ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਅਧਿਆਪਕ ਦਲ ਪੰਜਾਬ ਵੱਲੋਂ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨ ਰੱਦ ਕਰਨ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨੂੰ ਇਤਿਹਾਸਕ ਜਿੱਤ ਆਖਿਆ ਹੈ। ਅਧਿਆਪਕ ਦਲ ਪੰਜਾਬ ਦੇ ਇੰਚਾਰਜ ਹਰਜੰਟ ਸਿੰਘ ਬੌਡੇ ਨੇ ਇੱਥੇ ਅਧਿਆਪਕ ਸਾਥੀਆਂ ਨਾਲ ਮੀਟਿੰਗ ਉਪਰੰਤ ਕਿਸਾਨਾਂ-ਮਜ਼ਦੂਰਾਂ, ਮੁਲਾਜ਼ਮਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ।