ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀ ਨੇ ਮੰਗ ਕੀਤੀ ਕਿ ਗਰਮੀ ਦੇ ਮੌਸਮ ਵਿੱਚ ਬਿਜਲੀ ਪੂਰੀ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਮਰ ਰਹੀਆਂ ਛੋਟੀਆਂ ਫ਼ਸਲਾਂ ਨੂੰ ਬਚਾਉਣ ਲਈ ਨਹਿਰਾਂ ਵਿੱਚ ਫੌਰੀ ਤੌਰ ’ਤੇ ਪਾਣੀ ਛੱਡਿਆ ਜਾਵੇ। ਕਿਸਾਨਾਂ ਨੇ ਖੇਤੀ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਕਿ ਇਸ ਤੱਪਦੀ ਗਰਮੀ ਵਿੱਚ ਫ਼ਸਲਾਂ ਪਾਲਣੀਆਂ ਔਖੀਆਂ ਹਨ। ਇਸ ਲਈ ਨਹਿਰਾਂ ’ਚ ਪਾਣੀ ਛੱਡਣ ਲਈ ਰਾਜ ਦੇ ਮੁੱਖ ਮੰਤਰੀ ਕੋਲ ਅਰਜ਼ੋਈ ਕੀਤੀ ਜਾਵੇ।
ਜਥੇਬੰਦੀ ਦੇ ਆਗੂ ਰੂਪ ਸਿੰਘ ਖਿਆਲਾ ਅਤੇ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਅੱਜ ਕੱਲ੍ਹ ਤਾਪਮਾਨ 45 ਡਿਗਰੀ ਸੈਲੀਅਸ ’ਤੇ ਪਹੁੰਚ ਗਿਆ ਹੈ ਅਤੇ ਨਰਮਾ, ਮੂੰਗੀ, ਝੋਨੇ ਦੀ ਪਨੀਰੀ ਅਤੇ ਮੱਕੀ ਦੀ ਫ਼ਸਲ ਸੜ ਰਹੀ ਹੈ ਅਤੇ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਦੋ-ਤਿੰਨ ਘੰਟੇ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੰਗ ਪੱਤਰ ਰਾਹੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ ਅਤੇ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ 8 ਘੰਟੇ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਸਾਉਣੀ ਦੀਆਂ ਮੁੱਖ ਫਸਲਾਂ ਪਾਲਣ ਵਿੱਚ ਤਕਲੀਫ਼ ਨਾ ਆਵੇ।
ਇਸ ਮੌਕੇ ਲਾਭ ਸਿੰਘ, ਸੇਵਕ ਸਿੰਘ, ਲਖਵਿੰਦਰ ਸਿੰਘ, ਵਰਿਆਮ ਸਿੰਘ, ਇਕਬਾਲ ਸਿੰਘ, ਬਿੱਕਰ ਸਿੰਘ, ਸੱਤਪਾਲ ਸਿੰਘ, ਲਖਵੀਰ ਅਕਲੀਆ ਨੇ ਵੀ ਸੰਬੋਧਨ ਕੀਤਾ।
ਖਸਖਸ ਦੀ ਬਿਜਾਈ ਲਈ ਕਾਨੂੰਨੀ ਗਾਰੰਟੀ ਮੰਗੀ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਕਿਸਾਨੀ ਮਸਲਿਆਂ ’ਤੇ ਗੰਭੀਰ ਵਿਚਾਰਾਂ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਖਸਖਸ ਦੀ ਖੇਤੀ ਦੀ ਬਿਜਾਈ ਦੀ ਕਾਨੂੰਨੀ ਗਾਰੰਟੀ ਦੇਵੇ, ਕਿਸਾਨਾਂ ’ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ ਤੇ ਫਸਲਾਂ ਦੇ ਸਮਰਥਨ ਮੁੱਲ ਦੀ ਗਰੰਟੀ ਲਈ ਕਮੇਟੀ ਬਣਾਈ ਜਾਵੇ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਝੋਨੇ ਦੀ ਲਵਾਈ ਨੂੰ ਮੁੱਖ ਰੱਖਦਿਆਂ ਨਹਿਰੀ ਪਾਣੀ ਪੂਰਾ ਦਿੱਤਾ ਜਾਵੇ, ਟਿਊਬਵੈੱਲਾਂ ਦੀ ਬਿਜਲੀ 10 ਘੰਟੇ ਨਿਰਵਿਘਨ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲਾਵਾਰਿਸ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤੇ ਪੰਜਾਬ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰੇ।