ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 27 ਜੂਨ
ਮਹੀਨੇ ਭਰ ਤੋਂ ਸਫ਼ਾਈ ਸੇਵਕਾਂ ਦੀ ਲਗਾਤਾਰ ਚੱਲ ਰਹੀ ਹੜਤਾਲ ਕਾਰਨ ਪੈਦਾ ਹੋਈ ਗੰਦਗੀ ਹੁਣ ਲੋਕਾਂ ਦੀ ਜਾਨ ਦੀ ਮੁਸੀਬਤ ਬਣ ਗਈ ਹੈ। ਜੇਕਰ ਹਾਲਾਤ ਇਹੀ ਰਹੇ ਤਾਂ ਭਿਆਨਕ ਬਿਮਾਰੀ ਫੈਲ ਸਕਦੀ ਹੈ। ਇੱਥੋਂ ਦੇ ਮਾਈ ਭਾਗੋ ਹੈਰੀਟੇਜ ਪਾਰਕ ਮੂਹਰੇ ਗੰਦਗੀ ਦੇ ਪਹਾੜ ਨੇ ਕਰੀਬ ਦੋ ਸੌ ਘਰਾਂ ਦੇ ਪਰਿਵਾਰਾਂ ਦਾ ਸਾਹ ਲੈਣਾ ਔਖਾ ਕੀਤਾ ਹੈ।
ਹਾਲਾਂਕਿ ਕਮੇਟੀ ਪ੍ਰਧਾਨ ਸ਼ਮੀ ਤੇਹਰੀਆ ਵੱਲੋਂ ਕੁਝ ਥਾਵਾਂ ਤੋਂ ਗੰਦਗੀ ਹਟਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਪਰ ਅਜੇ ਵੀ ਸ਼ਹਿਰ ਦੇ ਅੰਦਰੂਨੀ ਖੇਤਰ ਵਿੱਚ ਇਹ ਵੱਡੀ ਮੁਸੀਬਤ ਬਣੀ ਹੋਈ ਹੈ।
ਇਸ ਦੌਰਾਨ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਆਗੂ ਪਵਨ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਉਹ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ ਅਤੇ ਨਾ ਹੀ ਸਫਾਈ ਕਰਨਗੇ। ਇਸ ਦੌਰਾਨ ਸ਼ਹਿਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਪੂਰੀਆਂ ਕਰਕੇ ਸਮੱਸਿਆ ਖ਼ਤਮ ਕੀਤੀ ਜਾਵੇ।