ਪੁਨੀਤ ਮੈਨਨ
ਧਨੌਲਾ, 9 ਜੂਨ
ਸ਼ਹਿਰ ਦੇ ਹੋਰਨਾਂ ਇਲਾਕਿਆਂ ਦੇ ਪੱਧਰ ਤੋਂ ਨੀਵੀਆਂ ਹੋਈਆਂ ਗੁਰੂ ਨਾਨਕਪੁਰਾ ਮੁਹੱਲਾਂ ਦੀਆਂ ਗਲੀਆਂ ਤੇ ਸੀਵਰੇਜ ਨਿਕਾਸੀ ਬੰਦ ਹੋਣ ਕਾਰਨ ਔਖੇ ਹੋਏ ਸ਼ਹਿਰ ਵਾਸੀਆਂ ਨੇ ਵੱਡੇ ਪੱਧਰ ’ਤੇ ਇਕੱਠੇ ਹੋ ਕੇ ਨਗਰ ਕੌਂਸਲ ਦਫਤਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਸਰਕਾਰ ਦੇ ਨਾਲ ਨਾਲ ਕੌਂਸਲ ਪ੍ਰਧਾਨ ਤੇ ਮੀਤ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਾਰਡ ਨੰ. 6 ਦੇ ਵਾਸੀਆਂ ਮਿੱਠਾ ਸਿੰਘ, ਸੁਰਿੰਦਰ ਕੌਰ, ਮਨਜੀਤ ਕੌਰ, ਪਾਲ ਕੌਰ, ਹਰਪਾਲ ਸਿੰਘ ਨੇ ਦੱਸਿਆ ਕਿ ਵਾਰਡਾਂ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਗਲੀਆਂ ਬਣਾਉਣ ਸਮੇਂ ਸਹੀ ਲੈਵਲ ਨਾ ਬਣਾਉਣ ਕਾਰਨ ਉਨ੍ਹਾਂ ਨੂੰ ਨਰਕ ਭਰਿਆ ਜੀਵਨ ਬਤੀਤ ਕਰਨਾ ਪੈ ਰਿਹਾ ਹੈ। ਉਨ੍ਹਾਂ ਕਾਂਗਰਸ ਸਰਕਾਰ ’ਤੇ ਵਿਅੰਗ ਕਸਦਿਆਂ ਕਿਹਾ ਕਿ ਇਲਾਕੇ ਦਾ ਵਿਕਾਸ ਨਹੀਂ ਸਿਰਫ ਵਿਨਾਸ਼ ਹੋਇਆ ਹੈ। ਜੇ ਨਗਰ ਕੌਂਸਲ ਵੱਲੋਂ ਗਲੀਆਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਰਣਜੀਤ ਕੌਰ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਹਰਦੀਪ ਸੋਢੀ ਨੇ ਕਿਹਾ ਕਿ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸਫ਼ਾਈ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਅਤੇ ਨੀਵੇਂ ਪੱਧਰ ਵਾਲੀਆਂ ਗਲੀਆਂ ਦਾ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਸ ਨੂੰ ਠੀਕ ਕਰਵਾਉਣ ਲਈ ਕੰਮ ਸ਼ੁਰੂ ਕਰਵਾਇਆ ਜਾ ਚੁੱਕਾ ਹੈ।