ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸਥਾਨਕ ਸ਼ਹਿਰ ਦੀ ਸ਼ਹੀਦ ਭਗਤ ਸਿੰਘ ਕਲੋਨੀ ’ਚ ਨਗਰ ਕੌਂਸਲ ਰਾਮਪੁਰਾ ਫੂਲ ਵਾਟਰ ਵਰਕਸ ਦੀਆਂ ਟੂਟੀਆਂ ਵਿਚ ਗੰਦਾ ਪਾਣੀ ਆ ਰਿਹਾ ਹੈ, ਜਿਸ ਬਿਮਾਰੀਆਂ ਫੈਲਣ ਦਾ ਖਤਰਾ ਹੈ। ਨਗਰ ਕੌਂਸਲ ਦੇ ਵਾਟਰ ਵਰਕਸ ਦਾ ਪਾਣੀ ਸਵੇਰੇ 5 ਤੋਂ 9 ਵਜੇ ਅਤੇ ਸ਼ਾਮੀਂ 5 ਤੋਂ ਰਾਤ 9 ਵਜੇ ਤੱਕ ਚਲਦਾ ਹੈ। ਦੋਵੇਂ ਸਮੇਂ 8-8 ਘੰਟੇ ਦਾ ਵਕਫ਼ਾ ਹੋਣ ਕਾਰਨ ਪਾਈਪਾਂ ਦੀ ਲੀਕੇਜ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਈਪਾਂ ’ਚ ਦਾਖ਼ਲ ਹੋ ਜਾਂਦਾ ਹੈ ਤੇ ਜਦੋਂ ਨਗਰ ਕੌਂਸਲ ਦੇ ਅਧਿਕਾਰੀ ਪਾਣੀ ਛੱਡਦੇ ਹਨ ਤਾਂ ਪਾਣੀ ਦੇ ਪ੍ਰੈਸ਼ਰ ਨਾਲ ਨਾਲ ਪਹਿਲਾਂ ਤੋਂ ਪਾਈਪਾਂ ਅੰਦਰ ਖੜ੍ਹਾ ਪਾਣੀ ਲੋਕਾਂ ਦੇ ਘਰਾਂ ’ਚ ਆਉਣਾ ਸ਼ੁਰੂ ਹੋ ਜਾਂਦਾ ਹੈ। ਦਰਸ਼ਨ ਜਿੰਦਲ ਤੇ ਕਲੋਨੀ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰੀ ਸੁਚੇਤ ਕੀਤਾ ਪਰ ਉਨ੍ਹਾਂ ਕਾਰਵਾਈ ਨਹੀਂ ਕੀਤੀ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਜੇ ਬਾਂਸਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਜਨ ਕਲਿਆਣ ਸਭਾ ਦੇ ਪ੍ਰਧਾਨ ਸੀਤਾ ਰਾਮ ਦੀਪਕ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਸਿਆਸੀ ਲੋਕਾਂ ਨੇ ਨਗਰ ਕੌਂਸਲ ਨੂੰ ਲੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ।