ਪੁਨੀਤ ਮੈਨਨ
ਧਨੌਲਾ, 3 ਅਗਸਤ
ਬੀਤੇ ਸਮੇਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲ਼ਖ ਵੱਲੋਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਹਰੇਕ ਅੰਗਹੀਣ ਅਧਿਕਾਰੀ/ਕਰਮਚਾਰੀ ਦੇ ਅੰਗਹੀਣ ਸਰਟੀਫਿਕੇਟ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਸਨ ਜਿਸ ’ਚ ਦੋ ਕਰਮਚਾਰੀਆਂ ਦੇ ਅੰਗਹੀਣ ਸਰਟੀਫਿਕੇਟ ਸ਼ੱਕੀ ਪਾਏ ਗਏ। ਇਨ੍ਹਾਂ ਵਿੱਚੋਂ ਇਕ ਕਰਮਚਾਰੀ ’ਤੇ ਕਾਰਵਾਈ ਕਰਦਿਆਂ ਕਲਰਕ ਦੀ ਅਸਾਮੀ ’ਤੇ ਦਿੱਤੀ ਗਈ ਤਰੱਕੀ ਵਾਪਸ ਲੈ ਲਈ ਗਈ ਸੀ। ਇਸ ਸਬੰਧੀ ਅੱਜ ਇੱਕ ਹੋਰ ਕਰਮਚਾਰੀ ਦਾ ਅੰਗਹੀਣਤਾ ਸਰਟੀਫਿਕੇਟ ਗਲਤ ਪਾਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ। ਇਸ ਸਬੰਧੀ ਡਾਕਟਰ ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ ਦੂਸਰੇ ਕਰਮਚਾਰੀ ਦਾ ਅੰਗਹੀਣ ਸਰਟੀਫਿਕੇਟ ਜਾਂਚ ਲਈ ਮੈਡੀਕਲ ਕਾਲਜ ਪਟਿਆਲਾ ਨੂੰ ਭੇਜਿਆ ਗਿਆ ਸੀ ਅਤੇ ਮੁੜ ਜਾਂਚ ਤੋਂ ਬਾਅਦ ਅੰਗਹੀਣਤਾ 40 ਫੀਸਦ ਤੋਂ ਘੱਟ ਪਾਈ ਗਈ ਹੈ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਬੰਧਤ ਕਰਮਚਾਰੀ ਵੱਲੋਂ 50 ਫੀਸਦੀ ਦਾ ਜਾਅਲੀ ਅੰਗਹੀਣ ਸਰਟੀਫਿਕੇਟ ਲਗਾ ਕੇ ਸਾਲ 2016 ਵਿੱਚ ਮਲਟੀਪਰਪਜ਼ ਹੈਲਥ ਵਰਕਰ ਤੋਂ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਦੀ ਤਰੱਕੀ ਲਈ ਗਈ ਸੀ। ਪਰ ਸਿਵਲ ਸਰਜਨ ਬਰਨਾਲਾ ਵੱਲੋਂ ਵਿਭਾਗ ਦੇ ਅੰਗਹੀਣ ਕਰਮਚਾਰੀਆਂ ਦੇ ਸਰਟੀਫਿਕੇਟ ਦੀ ਮੁੜ ਜਾਂਚ ਦੌਰਾਨ ਸਬੰਧਤ ਕਰਮਚਾਰੀ ਦੀ ਅੰਗਹੀਣਤਾ ਕੇਵਲ 36 ਫੀਸਦੀ ਪਾਈ ਗਈ। ਉਨ੍ਹਾਂ ਕਿਹਾ ਕਿ ਸਬੰਧਤ ਕਰਮਚਾਰੀ ਵਿਰੁੱਧ ਕਾਰਵਾਈ ਕਰਨ ਲਈ ਪਿਛਲੇ ਸਰਵਿਸ ਰਿਕਾਰਡ ਦੀ ਛਾਣਬੀਣ ਕੀਤੀ ਜਾ ਰਹੀ ਹੈ।