ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਅਪਰੈਲ
ਇੱਥੋਂ ਦਾ ਅਜੀਤ ਨਗਰ ਵਾਸੀ ਵਿਕਲਾਂਗ ਨੌਜਵਾਨ ਵਰਿੰਦਰਪਾਲ (32) ਦੋਵਾਂ ਲੱਤਾਂ ਤੋਂ ਆਰੀ ਹੋਣ ਦੇ ਬਾਵਜੂਦ ਸਿਖਰ ਦੁਪਹਿਰੇ ਘਰੇਲੂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਗਲੀਆਂ ’ਚ ਸਬਜ਼ੀ ਵੇਚ ਰਿਹਾ ਹੈ। ਵਰਿੰਦਰ ਨੇ ਦੱਸਿਆ ਕਿ ਉਸ ਦੇ ਭਰਾ ਵੀਰ ਪਾਲ ਦੀ 12 ਸਾਲ ਪਹਿਲਾਂ ਇੱਥੇ ਹੋਏ ਧਮਾਕੇ ਵਿੱਚ ਮੌਤ ਹੋ ਗਈ ਸੀ, ਪਰ ਸਰਕਾਰ ਵੱਲੋਂ ਹੁਣ ਤੱਕ ਉਨ੍ਹਾਂ ਨੂੰ ਕੋਈ ਮਾਲੀ ਮਦਦ ਨਹੀਂ ਮਿਲੀ। ਉਹ 4 ਸਾਲ ਦਾ ਸੀ ਤਾਂ ਬੁਖ਼ਾਰ ਦੌਰਾਨ ਉਹ ਦੋਵਾਂ ਲੱਤਾਂ ਤੋਂ ਅਪਾਹਜ ਹੋ ਗਿਆ ਅਤੇ ਪਿਤਾ ਬੇਅੰਤ ਲਾਲ ਹਲਵਾਈ ਦਾ ਕੰਮ ਕਰਦਾ ਸੀ, ਦੀ ਵੀ ਮੌਤ ਹੋ ਗਈ। ਨੌਜਵਾਨ ਨੇ ਦੱਸਿਆ ਕਿ ਉਸ ਨੇ ਕਾਫ਼ੀ ਮੁਸ਼ਕਲ ਨਾਲ ਆਪਣੀਆਂ ਦੋਵੇਂ ਭੈਣਾਂ ਦਾ ਵਿਆਹ ਕੀਤਾ ਹੈ। ਉਸ ਦੀ ਬਿਰਧ ਮਾਂ ਚੰਦ ਰਾਣੀ (68) ਕਈ ਬਿਮਾਰੀਆਂ ਦੀ ਲਪੇਟ ਵਿੱਚ ਹੈ। ਉਸ ਨੇ ਦੱਸਿਆ ਕਿ ਉਹ ਟੇਲਰ ਦੀ ਦੁਕਾਨ ’ਤੇ ਕੰਮ ਕਰਦਾ ਸੀ ਤੇ ਲੌਕਡਾਊਨ ਦੌਰਾਨ ਉਸ ਦੀ ਨੌਕਰੀ ਚਲੀ ਗਈ। ਉਹ ਹੁਣ ਮੰਡੀ ’ਚੋਂ ਤੜਕਸਾਰ ਸਬਜ਼ੀਆਂ ਖਰੀਦ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਵੇਚ ਕੇ ਆਪਣੀ ਮਾਂ ਦੀ ਦਵਾਈ ਤੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਵਰਿੰਦਰਪਾਲ ਨੇ ਦੱਸਿਆ ਕਿ ਉਸ ਦੀ ਵਿਕਲਾਗਤਾਂ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ। ਇਸ ਦੌਰਾਨ ਪੰਜਾਬ ਸਰਕਾਰ ਤੋਂ ਹਰੇਕ ਅੰਗਹੀਣ ਨੌਜਵਾਨ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦੇਣ ਦੀ ਮੰਗ ਕਰਦਿਆਂ ਉਸ ਨੇ ਕਿਹਾ ਕਿ ਅੰਗਹੀਣ ਵਰਗ ਲਈ ਸਰਕਾਰ ਨੂੰ ਵਿਸ਼ੇਸ਼ ਤੌਰ ’ਤੇ ਉਪਰਾਲੇ ਕਰਨੇ ਚਾਹੀਦੇ ਹਨ।