ਖੇਤਰੀ ਪ੍ਰਤੀਨਿਧ
ਬਰਨਾਲਾ, 14 ਮਾਰਚ
ਇੱਥੇ ਪੰਜਾਬ ਆਈ.ਟੀ.ਆਈ. ਵਿੱਚ ਮਾਲਵਾ ਸਾਹਿਤ ਸਭਾ ਵੱਲੋਂ ਨਾਵਲਕਾਰ ਬਲਦੇਵ ਸਿੰਘ ‘ਸੜਕਨਾਮਾ’ ਦੇ ਨਾਵਲ ‘ਬਲਦੇ ਦਰਿਆ’ ਉੱਤੇ ਗੋਸ਼ਟੀ ਕਰਵਾਈ ਗਈ। ਨਾਵਲ ਉੱਪਰ ਪਰਚਾ ਪੜ੍ਹਦਿਆਂ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਸ ਨਾਵਲ ਵਿੱਚ ਪੰਜਾਬ ਵਿੱਚੋਂ ਬਰੇਨ ਡਰੇਨ ਤੇ ਇਕਨੋਮੀ ਡਰੇਨ ਦੀ ਮੂਲ ਸਮੱਸਿਆ, ਨਸ਼ਿਆਂ ਦੇ ਛੇਵੇਂ ਦਰਿਆ ਦੇ ਸੇਕ ਅਤੇ ਕਿਸਾਨੀ ਸਰੋਕਾਰਾਂ ਉਪਰ ਰੌਸ਼ਨੀ ਪਾਈ ਗਈ ਹੈ। ਆਲੋਚਕ ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਇਹ ਨਾਵਲ ਪੰਜਾਬ ਦੇ ਵਿਰਾਟ ਮਸਲਿਆਂ ਅਤੇ ਸੰਕਟਾਂ ਨੂੰ ਸੰਬੋਧਿਤ ਹੈ। ਇਨ੍ਹਾਂ ਤੋਂ ਇਲਾਵਾ ਜੁਗਰਾਜ ਧੌਲਾ, ਤੇਜਾ ਸਿੰਘ ਤਿਲਕ, ਕਹਾਣੀਕਾਰ ਪਰਮਜੀਤ ਮਾਨ, ਭੋਲਾ ਸਿੰਘ ਸੰਘੇੜਾ ਤੇ ਕੇਂਦਰੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੰਜਾਬੀ ਕਵੀ ਸ਼ਿੰਦਰ ਧੌਲਾ ਅਤੇ ਪਰਿਵਾਰ ਵੱਲੋਂ ਬੇਬੇ ਬਿਮਲਾ ਦੇਵੀ ਅਤੇ ਬਾਪੂ ਸੂਬੇਦਾਰ ਬਚਨ ਸਿੰਘ ਧੌਲਾ ਦੀ ਯਾਦ ਨੂੰ ਸਮਰਪਿਤ ਪਹਿਲਾ ਪੁਰਸਕਾਰ ਲੋਕ ਪੱਖੀ ਗਾਇਕ ਅਜਮੇਰ ਸਿੰਘ ਅਕਲੀਆ ਨੂੰ ਦਿੱਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਦੇ ਗੀਤ ‘ਬਾਜਾਂ ਵਾਲੇ ਪਾਤਸ਼ਾਹ’ ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ।