ਖੇਤਰੀ ਪ੍ਰਤੀਨਿਧ
ਬਰਨਾਲਾ, 11 ਜੁਲਾਈ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਇੱਥੇ ਪੰਜਾਬ ਆਈਟੀਆਈ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬਘੇਲ ਸਿੰਘ ਧਾਲੀਵਾਲ ਦੇ ਲੇਖ ਸੰਗ੍ਰਹਿ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਉੱਪਰ ਗੋਸ਼ਟੀ ਕਰਵਾਈ ਗਈ। ਇਸ ਮੌਕੇ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਬਘੇਲ ਸਿੰਘ ਧਾਲੀਵਾਲ ਨੇ ਇਸ ਸੰਗ੍ਰਹਿ ਰਾਹੀਂ ਸਮੇਂ ਦੇ ਹਾਕਮਾਂ ਦੇ ਅਨਿਆਂ ਭਰਪੂਰ ਬਿਰਤਾਂਤ ਨੂੰ ਬੇਪਰਦ ਕੀਤਾ ਹੈ। ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਬਘੇਲ ਸਿੰਘ ਧਾਲੀਵਾਲ ਸਮਾਜ ਵਿੱਚ ਵਾਪਰਨ ਵਾਲੀਆਂ ਰਾਜਸੀ ਤੇ ਸਮਾਜੀ ਘਟਨਾਵਾਂ ਦਾ ਵਿਸ਼ਲੇਸ਼ਣ ਵੀ ਕਰਦਾ ਹੈ। ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਬਘੇਲ ਸਿੰਘ ਮੁੱਦਿਆਂ ਤੇ ਮਸਲਿਆਂ ਦੀ ਸਹੀ ਨਿਸ਼ਾਨਦੇਹੀ ਕਰਦਾ ਹੈ। ਇਸ ਮੌਕੇ ਕਵਿੱਤਰੀ ਹਰਦੀਪ ਬਾਵਾ ਦੇ ਕਾਵਿ ਸੰਗ੍ਰਹਿ ‘ਮਨ ਦੇ ਸਫ਼ੇ ਤੋਂ’ ਦਾ ਲੋਕ ਅਰਪਣ ਵੀ ਕੀਤਾ ਗਿਆ। ਉਪਰੰਤ ਹੋਏ ਕਵੀ ਦਰਬਾਰ ਵਿੱਚ ਰਘਵੀਰ ਸਿੰਘ ਗਿੱਲ ਕੱਟੂ, ਦਲਵਾਰ ਸਿੰਘ ਧਨੌਲਾ, ਸੁਖਵਿੰਦਰ ਸਨੇਹ, ਰਾਮ ਸਰੂਪ ਸ਼ਰਮਾ, ਜਗਤਾਰ ਬੈਂਸ, ਮਾਲਵਿੰਦਰ ਸ਼ਾਇਰ, ਮਨਦੀਪ ਕੁਮਾਰ, ਅਸ਼ੋਕ ਚਟਾਨੀ ਤੇ ਮੱਖਣ ਸਿੰਘ ਲੌਂਗੋਵਾਲ ਆਦਿ ਨੇ ਰੰਗ ਬੰਨ੍ਹਿਆ। ਇਸ ਮੌਕੇ ਬਰਨਾਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਅਸ਼ੀਸ਼ ਸ਼ਰਮਾ, ਮੀਤ ਪ੍ਰਧਾਨ ਦਵਿੰਦਰ ਦੇਵ, ਕਮਲਜੀਤ ਸੰਧੂ ਤੇ ਹਮੀਰ ਸਿੰਘ ਬਰਨਾਲਾ ਵੀ ਹਾਜ਼ਰ ਸਨ।