ਮੋਗਾ: ਸਰਕਾਰੀ ਮਿਡਲ ਸਕੂਲ ਦੋਸਾਂਝ ਵਿੱਚ ਗੀਤਕਾਰ ਦਰਸ਼ਨ ਦੋਸਾਂਝ ਦੀ ਕਾਵਿ ਪੁਸਤਕ ‘ਮੈਨੂੰ ਤਲਾਸ਼ਾਂ ਤੇਰੀਆਂ’ ਉਪਰ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਮੁੱਖ ਸਲਾਹਕਾਰ ਅਮਰ ਸੂਫੀ, ਆਲੋਚਕ ਡਾ. ਸੁਰਜੀਤ ਬਰਾੜ, ਯੂਐੱਸਏ ਰਹਿੰਦੇ ਨਾਵਲਕਾਰ ਸਾਧੂ ਸਿੰਘ ਸੰਘਾ ਅਤੇ ਦਰਸ਼ਨ ਦੋਸਾਂਝ ਨੇ ਕੀਤੀ। ਪੁਸਤਕ ਉਪਰ ਪਰਚਾ ਪੇਸ਼ ਕਰਦਿਆਂ ਡਾ. ਸੁਰਜੀਤ ਬਰਾੜ ਘੋਲੀਆ ਨੇ ਦਰਸ਼ਨ ਦੇ ਗੀਤਾਂ ਵਿਚਲੀ ਸੂਖਮਤਾ, ਸਹਿਜਤਾ, ਸੰਵੇਦਨਸ਼ੀਲਤਾ ਅਤੇ ਵਿਚਾਰਧਾਰਾ ਦੀ ਸ਼ਾਲਾਘਾ ਕੀਤੀ। ਕਹਾਣੀਕਾਰ ਜਸਬੀਰ ਕਲਸੀ ਨੇ ਕਿਹਾ ਕਿ ਦਰਸ਼ਨ ਤਿੰਨ ਦਹਾਕਿਆਂ ਤੋਂ ਮੋਗੇ ਦੇ ਸਾਹਿਤਕ ਸਮਾਗਮਾਂ ਦੀ ਸ਼ਾਨ ਬਣਿਆ ਹੋਇਆ ਹੈ। ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਦਰਸ਼ਨ ਦੋਸਾਂਝ ਜ਼ਮੀਨ ਨਾਲ ਜੁੜਿਆ ਹੋਇਆ ਲੋਕ ਮੁਹਾਵਰੇ ਵਾਲਾ ਗੀਤਕਾਰ ਹੈ। ਹਾਜ਼ਰ ਸਾਹਿਤਕਾਰਾਂ ਵਲੋਂ ਯੂਐੱਸਏ ਰਹਿੰਦੇ ਨਾਵਲਕਾਰ ਸਾਧੂ ਸਿੰਘ ਸੰਘਾ ਦਾ ਦੂਸਰਾ ਨਾਵਲ ‘ਸੰਘਰਸ਼ੀ ਰਾਹ’ ਲੋਕ ਅਰਪਣ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ