ਪਰਸ਼ੋਤਮ ਬੱਲੀ
ਬਰਨਾਲਾ, 28 ਨਵੰਬਰ
ਐੱਮਐੱਸਪੀ ਦੀ ਗਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗੇ ਸਾਂਝੇ ਕਿਸਾਨ ਧਰਨੇ ਦੌਰਾਨ ਅੱਜ ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਦਰਜ ਛੇ ਮੰਗਾਂ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਸਾਨੂੰ ਸਿਰਫ ਐੱਮਐੱਸਪੀ ਦੀ ਹੀ ਨਹੀਂ ਸਗੋਂ ਫਸਲਾਂ ਦੀ ਖਰੀਦ ਦੀ ਵੀ ਗਰੰਟੀ ਚਾਹੀਦੀ ਹੈ। ਸਰਕਾਰ ਅਜਿਹੀ ਵਿਵਸਥਾ ਬਣਾਵੇ ਕਿ ਮੁਲਕ ਭਰ ਵਿੱਚ ਸਾਰੀਆਂ 23 ਫਸਲਾਂ ਐੱਮਐੱਸਪੀ ਤੋਂ ਘੱਟ ਕੀਮਤ ’ਤੇ ਨਾ ਵਿਕਣ। ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਕੀਤੇ ਡਰਾਵਟ ਬਿੱਲ ’ਚ ਉਕਤ ਖੇਤੀ ਕਾਨੂੰਨ ਦਰੁੱਸਤ ਠਹਿਰਾਏ ਜਾ ਰਹੇ ਹਨ, ਜੋ ਮੋਦੀ ਸਰਕਾਰ ਦੀ ਬਦਨੀਤੀ ਦਾ ਪ੍ਰਗਟਾਵਾ ਹੈ। ਅੱਜ ਦੇ ਬੁਲਾਰਿਆਂ ’ਚ ਸ਼ਾਮਲ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਨਛੱਤਰ ਸਿੰਘ ਸਾਹੌਰ, ਕੁਲਵਿੰਦਰ ਕੌਰ ਖੁੱਡੀ ਕਲਾਂ, ਜਸਪਾਲ ਕੌਰ ਕਰਮਗੜ੍ਹ, ਜਸਪਾਲ ਚੀਮਾ, ਬਲਵੰਤ ਸਿੰਘ ਠੀਕਰੀਵਾਲਾ, ਗੁਰਮੇਲ ਸ਼ਰਮਾ, ਪ੍ਰੇਮਪਾਲ ਕੌਰ, ਰਣਧੀਰ ਸਿੰਘ ਰਾਜਗੜ੍ਹ ਨੇ ਬੀਤੇ ਕੱਲ੍ਹ ਬਰਨਾਲਾ ਵਿੱਚ ਮੁੱਖ ਮੰਤਰੀ ਦੀ ਫੇਰੀ ਦੌਰਾਨ ਸਿਹਤ ਤੇ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਉਪਰ ਪੁਲੀਸ ਜਬਰ ਦੀ ਨਿਖੇਧੀ ਵੀ ਕੀਤੀ।
ਪੱਕੇ ਧਰਨੇ ਉੱਤੇ ਅੰਦੋਲਨ ਦੀ ਵਰ੍ਹੇਗੰਢ ਮਨਾਈ
ਮੋਗਾ (ਮਹਿੰਦਰ ਸਿੰਘ ਰੱਤੀਆਂ): ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਐਲਾਨ ਅਤੇ ਅੰਦੋਲਨ ਦੀ ਵੱਡੀ ਜਿੱਤ ਕਾਰਨ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਇਥੇ ਮੁੱਖ ਚੌਕ ’ਚ ਬੁੱਧੀਜੀਵੀ, ਚਿੰਤਕਾਂ, ਕਿਸਾਨਾਂ, ਮਜ਼ਦੂਰਾਂ, ਸ਼ਹਿਰੀਆਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪੱਕੇ ਧਰਨੇ ਉੱਤੇ ਉਤਸ਼ਾਹ ਨਾਲ ਪਹਿਲੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ ਨੇ ਆਖਿਆ ਕਿ ਅੰਦੋਲਨ ਦੀ ਵਰ੍ਹੇਗੰਢ ਇੱਕ ਨਵੇਂ ਯੁੱਗ ਦੀ ਸ਼ੁਰੁਆਤ ਹੈ।
ਕਿਸਾਨ ਯੂਨੀਅਨ ਵੱਲੋਂ ਔਰਤਾਂ ਦੀ ਕਮੇਟੀ ਗਠਿਤ
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕੋਟਕਰੋੜ ਟੌਲ ਪਲਾਜ਼ਾ ਵਿੱਚ ਯੂਨੀਅਨ ਦੀ ਜ਼ਿਲ੍ਹਾ ਆਗੂ ਹਰਪ੍ਰੀਤ ਜ਼ੀਰਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਿਸਾਨ ਬੀਬੀਆਂ ਦੀ ਬਾਰ੍ਹਾਂ ਮੈਂਬਰੀ ਕਮੇਟੀ ਬਣਾਈ ਗਈ। ਇਸ ਮੌਕੇ ਸਾਰੀਆਂ ਔਰਤ ਮੈਂਬਰਾਂ ਦੀ ਸਹਿਮਤੀ ਨਾਲ ਬੀਬੀ ਕਰਮਜੀਤ ਕੌਰ ਅਤੇ ਨਸੀਬ ਕੌਰ ਇਕਾਈ ਕੋਟਕਰੋੜ ਦੀਆਂ ਪ੍ਰਧਾਨ ਚੁਣੀਆਂ ਗਈਆਂ ਤੇ ਕਰਮਜੀਤ ਕੌਰ, ਹਰਪਾਲ ਕੌਰ, ਅੰਗਰੇਜ਼ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ, ਹਰਪਾਲ ਕੌਰ, ਸੁਖਦੇਵ ਕੌਰ, ਨਸੀਬ ਕੌਰ ਆਦਿ ਨੂੰ ਮੈਂਬਰ ਚੁਣਿਆ ਗਿਆ।