ਪਵਨ ਗੋਇਲ
ਭੁੱਚੋ ਮੰਡੀ, 26 ਨਵੰਬਰ
ਟਰੱਕ ਅਪਰੇਟਰਾਂ ਅਤੇ ਠੇਕੇਦਾਰ ਵਿਚਕਾਰ ਵਿਵਾਦ ਭਖ ਗਿਆ ਹੈ। ਅਪਰੇਟਰਾਂ ਦੇ ਇੱਕ ਧੜੇ ਨੇ ਅੱਜ ਦੂਜੇ ਦਿਨ ਤੜਕੇ ਐੱਫਸੀਆਈ ਦੇ ਗੁਦਾਮ ਅੱਗੇ ਧਰਨਾ ਲਾ ਕੇ ਮੁੱਖ ਗੇਟ ਜਾਮ ਕਰ ਦਿੱਤਾ। ਇਸ ਕਾਰਨ ਸਪੈਸ਼ਲ ਭਰਨ ਆਏ ਠੇਕੇਦਾਰ ਦੇ ਧੜੇ ਨਾਲ ਸਬੰਧਤ ਟਰੱਕਾਂ ਨੂੰ ਬੇਰੰਗ ਮੁੜਨਾ ਪਿਆ।
ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਬੇਟੇ ਰੁਪਿੰਦਰਪਾਲ ਕੋਟਭਾਈ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਕੇ ਸਮਝੌਤਾ ਕਰਵਾਉਣ ਦੀ ਕੀਤੀ ਕੋਸ਼ਿਸ਼ ਅੱਜ ਦੂਜੇ ਦਿਨ ਵੀ ਸਫ਼ਲ ਨਹੀਂ ਹੋਈ। ਅਪਰੇਟਰ ਅਤੇ ਠੇਕੇਦਾਰ ਆਪੋ ਆਪਣੀ ਜ਼ਿੱਦ ’ਤੇ ਅੜੇ ਹੋਏ ਸਨ। ਅਪਰੇਟਰਾਂ ਦਾ ਕਹਿਣਾ ਹੈ ਕਿ ਠੇਕੇਦਾਰ ਚੁਣਵੇਂ ਟਰੱਕ ਅਪਰੇਟਰਾਂ ਨੂੰ ਕੰਮ ਦੇਣ ਦੀ ਥਾਂ ਸਾਰਿਆਂ ਨੂੰ ਵੰਡ ਕੇ ਕੰਮ ਦੇਵੇ। ਕੋਈ ਗੱਲ ਸਿਰੇ ਨਾ ਲੱਗਣ ਕਾਰਨ ਅੱਜ ਦੀ ਸਪੈਸ਼ਲ ਵੀ ਰੱਦ ਕਰਨੀ ਪਈ ਅਤੇ ਰੇਲਵੇ ਵਿਭਾਗ ਵੱਲੋਂ ਭੇਜੀ ਮਾਲ ਗੱਡੀ ਨੂੰ ਸਟੇਸ਼ਨ ਤੋਂ ਮੁੜਨਾ ਪਿਆ।
ਟਰੱਕ ਅਪਰੇਟਰ ਯੂਨੀਅਨ ਦੇ ਪ੍ਰਧਾਨ ਯਾਦਵਿੰਦਰ ਸਿੰਘ ਡਿੰਪੀ (ਤੁੰਗਵਾਲੀ) ਨੇ ਕਿਹਾ ਕਿ ਠੇਕੇਦਾਰ ਵਿਧੀ ਸਿੰਘ ਸਿਰਫ਼ 40 ਕੁ ਗੱਡੀਆਂ ਨੂੰ ਕੰਮ ਦੇ ਰਿਹਾ ਹੈ ਅਤੇ ਬਾਕੀ 160 ਗੱਡੀਆਂ ਦੇ ਅਪਰੇਟਰ ਵਿਹਲੇ ਬੈਠੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਯੂਨੀਅਨ ਦੇ ਸਾਰੇ ਅਪਰੇਟਰਾਂ ਨੂੰ ਇੱਕੋ ਜਿਹਾ ਕੰਮ ਨਹੀਂ ਦਿੱਤਾ ਜਾਂਦਾ, ਉਹ ਸਪੈਸ਼ਲ ਨਹੀਂ ਭਰਨ ਦੇਣਗੇ। ਠੇਕੇਦਾਰ ਵਿਧੀ ਸਿੰਘ ਯੂਕੇ ਨੇ ਕਿਹਾ ਕਿ ਉਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਇਸ ਖ਼ਿਲਾਫ਼ ਉਹ ਭਲਕੇ ਹਾਈ ਕੋਰਟ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਲੜਾਈ ਦੇ ਡਰੋਂ ਸਪੈਸ਼ਲ ਰੱਦ ਕਰਵਾ ਦਿੱਤੀ।