ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 2 ਨਵੰਬਰ
ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਅਤੇ ਚੇਅਰਪਰਸਨ ਰੈੱਡ ਕਰਾਸ ਭਲਾਈ ਸ਼ਾਖਾ ਅਨੁਰਾਧਾ ਸੇਤੀਆ ਵੱਲੋਂ ਜ਼ਿਲ੍ਹਿਆ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲਾਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਵਿੱਚ ਮਠਿਆਈਆਂ ਅਤੇ ਤੋਹਫੇ ਵੰਡੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਜ਼ੁਰਗ ਸਮਾਜ ਦਾ ਅਨਿਖੜਵਾਂ ਤੇ ਮਹੱਤਵਪੂਰਨ ਅੰਗ ਹਨ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਕੇ ਜ਼ਿੰਦਗੀ ਜਿਊਣ ਦੇ ਕਾਬਲ ਬਣਾਇਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੰਸਥਾ ਦੇ ਵਿਸ਼ੇਸ ਲੋੜਾਂ ਵਾਲੇ ਬੱਚੇ ਵੀ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਸਾਰਿਆਂ ਵਿੱਚ ਵੀ ਵੱਖਰਾ ਹੁਨਰ ਅਤੇ ਕਾਬਲੀਅਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਮਾਜ ਵਿੱਚ ਬਣਦਾ ਮਾਣ-ਸਤਿਕਾਰ ਮਿਲਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਅਸੋਕ ਸੱਚਰ, ਰਮੇਸ਼ ਚੰਦਰ ਜੈਨ, ਮੰਜੂ ਸੁਖੀਜਾ, ਡਾ. ਨਿਸ਼ੀ ਗਰਗ, ਮੈਡਮ ਬੀ.ਪੀ ਬਰਾੜ, ਮੈਡਮ ਸੁਨੀਤਾ ਜੈਨ ਅਤੇ ਸਕੱਤਰ ਰੈੱਡ ਕਰਾਸ ਸੁਭਾਸ਼ ਕੁਮਾਰ ਆਦਿ ਵੀ ਹਾਜ਼ਰ ਸਨ।
ਕੱਪੜੇ ਤੇ ਮਠਿਆਈਆਂ ਵੰਡ ਕੇ ਦੀਵਾਲੀ ਮਨਾਈ
ਗਿੱਦੜਬਾਹਾ (ਪੱਤਰ ਪ੍ਰੇਰਕ): ਜਗਨ ਨਾਥ ਜੈਨ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੇ ਵਿਦਿਆਰਥੀਆਂ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਕੱਪੜੇ ਅਤੇ ਮਠਿਆਈਆਂ ਵੰਡ ਕੇ ਦੀਵਾਲੀ ਮਨਾਈ। ਕਾਰਜਕਾਰੀ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਅਤੇ ਸਮੂਹ ਸਟਾਫ਼ ਦੀ ਅਗਵਾਈ ਹੇਠ ਹਰ ਸਾਲ ਵਿਦਿਆਰਥੀ ਦੀਵਾਲੀ ਮੌਕੇ ਗ਼ਰੀਬਾਂ ਨੂੰ ਮਠਿਆਈਆਂ ਅਤੇ ਕੱਪੜੇ ਵੰਡ ਕੇ ਉਨ੍ਹਾਂ ਨਾਲ ਆਪਣੀ ਖੁਸ਼ੀ ਸਾਂਝੀ ਕਰਦੇ ਹਨ।