ਜਸਵੰਤ ਜੱਸ
ਫ਼ਰੀਦਕੋਟ, 20 ਸਤੰਬਰ
ਇੱਥੇ ਗੁਰਦੁਆਰਾ ਗੋਦੜੀ ਸਾਹਿਬ ਵਿੱਚ 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਦੇ ਆਗਮਨ ਪੁਰਬ ਮੌਕੇ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਲੋਕਾਂ ਨੂੰ ਉਨ੍ਹਾਂ ਦੀ ਬਾਣੀ ਨਾਲ ਜੋੜਨ ਲਈ ਪੰਜ ਹਜ਼ਾਰ ਤੋਂ ਵੱਧ ਪੁਸਤਕਾਂ ਮੁਫ਼ਤ ਵੰਡੀਆਂ ਗਈਆਂ। ਸੁਸਾਇਟੀ ਦੇ ਸੇਵਾਦਾਰ ਗੁਰਜਾਪ ਸਿੰਘ ਸੇਖੋਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਇਸ ਵਾਰੀ ਗੁਰਪੁਰਬ ’ਤੇ ਕੋਈ ਵੀ ਸਮਾਗਮ ਨਹੀਂ ਹੋ ਰਿਹਾ, ਜਿਸ ਕਰਕੇ ਉਨ੍ਹਾਂ ਨੇ ਲੋਕਾਂ ਨੂੰ ਬਾਬਾ ਫਰੀਦ ਦੀ ਬਾਣੀ ਨਾਲ ਜੋੜਨ ਲਈ ਘਰ-ਘਰ ਮੁਫ਼ਤ ਪੁਸਤਕਾਂ ਭੇਜਣ ਦਾ ਫੈਸਲਾ ਕੀਤਾ ਹੈ। ਗੁਰਜਾਪ ਸਿੰਘ ਸੇਖੋਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਹਰ ਸਾਲ ਦਿੱਤੇ ਜਾਂਦੇ ਭਗਤ ਪੂਰਨ ਸਿੰਘ ਐਵਾਰਡ ਅਤੇ ਇਮਾਨਦਾਰੀ ਐਵਾਰਡ ਲਈ ਹਜ਼ਾਰਾਂ ਅਰਜ਼ੀਆਂ ਆਈਆਂ ਸਨ ਪਰ ਇਸ ਵਾਰ ਇਨ੍ਹਾਂ ਐਵਾਰਡਾਂ ਦੀ ਰਸਮ ਵੀ ਰੱਦ ਕਰ ਦਿੱਤੀ ਗਈ ਹੈ ਅਤੇ ਹੁਣ ਇਨ੍ਹਾਂ ਅਰਜ਼ੀਆਂ ਨੂੰ ਹੀ ਅਗਲੇ ਸਾਲ ਵਿਚਾਰਿਆ ਜਾਵੇਗਾ। ਗੁਰਜਾਪ ਸਿੰਘ ਸਿੱਖ ਨੇ ਕਿਹਾ ਕਿ ਬਾਬਾ ਸ਼ੇਖ਼ ਫ਼ਰੀਦ ਪੰਜਾਬੀ ਦੇ ਪਹਿਲੇ ਕਵੀ ਸਨ ਅਤੇ ਉਨ੍ਹਾਂ ਦੀ ਯਾਦ ਵਿੱਚ 19 ਤੋਂ 23 ਸਤੰਬਰ ਤੱਕ ਹੋਣ ਵਾਲੇ ਆਗਮਨ ਪੁਰਬ ਵਿੱਚ ਦੁਨੀਆਂ ਭਰ ਤੋਂ ਸੰਗਤ ਸ਼ਮੂਲੀਅਤ ਕਰਦੀ ਸੀ ਪਰ ਇਸ ਵਾਰੀ ਕਰੋਨਾ ਕਾਰਨ ਇਹ ਸਾਰੇ ਸਮਾਗਮ ਰੱਦ ਹੋ ਗਏ ਹਨ।