ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 18 ਸਤੰਬਰ
ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ‘ਅਲਿਮਕੋ’ ਵੱਲੋਂ ਸਰੀਰਕ ਤੌਰ ਉੱਤੇ ਅਪਹਾਜ ਵਿਅਕਤੀਆਂ ਨੂੰ ਨਿਹਾਲ ਸਿੰਘ ਵਾਲਾ ਵਿੱਚ ਮੁਫਤ ਬਣਾਵਟੀ ਅੰਗ ਤੇ ਹੋਰ ਸਹਾਇਕ ਸਮੱਗਰੀ ਵੰਡੀ ਗਈ। ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਜ਼ਿਲ੍ਹੇ ਦੇ ਤੀਸਰੇ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜੁਲਾਈ ਮਹੀਨੇ ਕੀਤੀ ਗਈ ਅਸੈਸਮੇਂਟ ਵਿੱਚ ਜ਼ਿਲ੍ਹੇ ਦੇ 1015 ਯੋਗ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਸੀ। ਇਨ੍ਹਾਂ ਸਾਰਿਆਂ ਨੂੰ 1 ਕਰੋੜ 56 ਲੱਖ 54 ਹਜਾਰ ਰੁਪਏ ਦੀ ਲਾਗਤ ਵਾਲੇ 1592 ਉਪਕਰਨਾਂ ਦੀ ਵੰਡ ਲਗਾਤਾਰ ਜਾਰੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦਿਵਿਆਂਗਜਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਕੈਂਪ ਦੌਰਾਨ ਲੋੜਵੰਦ ਵਿਅਕਤੀਆਂ ਨੂੰ ਮੋਟਰਰਾਈਜਡ ਟ੍ਰਾਈਸਾਈਕਲ, ਟ੍ਰਾਈਸਾਈਕਲ, ਵ੍ਹੀਲਚੇਅਰਾਂ, ਐਮਐਸਆਈਈਡੀ ਕਿੱਟ, ਬੀਟੀਈ, ਸਮਾਰਟਫੋਨ ਤੇ ਬਨਾਉਟੀ ਅੰਗ ਆਦਿ ਵੰਡੇ ਗਏ।