ਖੇਤਰੀ ਪ੍ਰਤੀਨਿਧ
ਬਰਨਾਲਾ, 31 ਜੁਲਾਈ
ਡੈਮੋਕ੍ਰੈਟਿਕ ਮਨਰੇਗਾ ਫਰੰਟ (ਡੀ.ਐੱਮ.ਐੱਫ) ਪੰਜਾਬ ਵਲੋਂ ਇੱਥੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿੱਚ ਮਗਨਰੇਗਾ ਕਾਨੂੰਨ ਨੂੰ ਜ਼ਮੀਨੀ ਪੱਧਰ ’ਤੇ ਹਕੀਕੀ ਰੂਪ ’ਚ ਲਾਗੂ ਕਰਵਾਉਣ ਹਿੱਤ ਲੋਕ ਜਾਗਰੂਕਤਾ ਤੇ ਲਾਮਬੰਦੀ ਦੇ ਮੰਤਵ ਨਾਲ ਜ਼ਿਲ੍ਹਾ ਕਾਨਫਰੰਸ ਕਰਵਾਈ ਗਈ। ਇਸ ਦੌਰਾਨ ਪੱਤਰਕਾਰ ਹਮੀਰ ਸਿੰਘ, ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਅਤੇ ਸੀਨੀਅਰ ਆਗੂ ਗੁਰਮੀਤ ਸਿੰਘ ਥੂਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਕਰੀਬਨ 17 ਵਰ੍ਹੇ ਪਹਿਲਾਂ ਦੇਸ਼ ਵਿੱਚ ਲਾਗੂ ਕੀਤਾ ਮਗਨਰੇਗਾ ਕਾਨੂੰਨ ਹਕੀਕੀ ਅਮਲ ਤੋਂ ਅਜੇ ਵੀ ਦੂਰ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਨੂੰ ਕਾਨੂੰਨ ਦੀ ਭਾਵਨਾ ਅਨੁਸਾਰ ਚਲਾਉਣ ਲਈ ਗਰਾਮ ਸਭਾ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮਨਰੇਗਾ ਦਾ ਬਜਟ ਤੇ ਵਿਕਾਸ ਪ੍ਰਾਜੈਕਟ ਗਰਾਮ ਸਭਾ ਰਾਹੀਂ ਪਾਸ ਕਰਕੇ ਭੇਜਿਆ ਜਾਂਦਾ ਹੈ। ਇਸ ਮੌਕੇ ਆਗੂਆਂ ਫਲਜੀਤ ਸਿੰਘ, ਦਰਸ਼ਨ ਸਿੰਘ ਧਨੇਠਾ, ਤਰਲੋਚਨ ਸਿੰਘ ਤੇ ਮਨਪ੍ਰੀਤ ਕੌਰ ਰਾਜਪੁਰਾ ਆਦਿ ਨੇ ਮੰਗ ਕੀਤੀ ਕਿ ਮਨਰੇਗਾ ਬਜਟ ਅੰਦਰ ਵਾਧਾ ਕੀਤਾ ਜਾਵੇ, 200 ਦਿਨ ਕੰਮ ਦਿੱਤਾ ਜਾਵੇ ਤੇ ਦਿਹਾੜੀ ਦੀ ਰਕਮ ਘੱਟੋ ਘੱਟ ਉਜ਼ਰਤ ਕਾਨੂੰਨ ਮੁਤਾਬਕ ਦਿੱਤੀ ਜਾਵੇ।