ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 2 ਸਤੰਬਰ
ਡੈਮੋਕ੍ਰੈਟਿਕ ਫਰੰਟ ਫਰੀਦਕੋਟ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸੁੱਖੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ਬਾਰੇ ਚਰਚਾ ਕੀਤੀ ਗਈ। ਅਧਿਆਪਕ ਆਗੂਆਂ ਗਗਨ ਪਾਹਵਾ ਅਤੇ ਪਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਲਾਰਾ ਲੱਪਾ ਲਗਾ ਕੇ ਸਮਾਂ ਲੰਘਾ ਰਹੀ ਹੈ। ਵਿੱਤ ਮੰਤਰੀ ਦਾ ਮੁਲਾਜ਼ਮ ਵਿਰੋਧੀ ਵਤੀਰਾ ਸਹਿਣਯੋਗ ਨਹੀਂ ਹੈ। ਗੁਰਪ੍ਰੀਤ ਰੰਧਾਵਾ ਤੇ ਕੁਲਵਿੰਦਰ ਬਰਾੜ ਨੇ ਪ੍ਰਮੋਸ਼ਨਾਂ ਕਰਵਾਉਣ ਦੀ ਗੱਲ ਵਿਚਾਰੀ। ਅਧਿਆਪਕ ਆਗੂਆਂ ਹਰਵਿੰਦਰ ਬਰਾੜ, ਕੁਲਦੀਪ ਘਣੀਆ ਨੇ ਮੰਗ ਕੀਤੀ ਕਿ 3582 ਅਤੇ ਨਵ-ਨਿਯੁਕਤ ਅਤੇ ਦੂਰ ਸਟੇਸ਼ਨਾਂ ’ਤੇ ਭਰਤੀ ਹੋਏ ਐੱਚਟੀ ਦੀਆਂ ਬਦਲੀਆਂ ਪਹਿਲ ਦੇ ਆਧਾਰ ’ਤੇ ਕੀਤੀਆਂ ਜਾਣ। ਮੀਟਿੰਗ ਉਪਰੰਤ ਅਧਿਆਪਕਾਂ ਦਾ ਇੱਕ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫ਼ਰੀਦਕੋਟ ਨੂੰ ਮਿਲਿਆ। ਇਸ ਮੀਟਿੰਗ ਵਿੱਚ ਈਟੀਟੀ ਅਧਿਆਪਕਾਂ ਤੋਂ ਹੈੱਡ ਟੀਚਰ ਦੀ ਰਹਿੰਦੀ ਪਰਮੋਸ਼ਨਾ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜਲਦੀ ਹੀ ਪ੍ਰਮੋਸ਼ਨਾਂ ਕਰਨ ਦਾ ਭਰੋਸਾ ਦਿੱਤਾ। ਡੀਈਓ ਸੈਕੰਡਰੀ ਨੇ ਮੌਕੇ ’ਤੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਵੱਲੋਂ ਤਿਆਰ ਕੀਤੀ ਸੀਨੀਅਰਤਾ ਸੂਚੀ ’ਤੇ ਇਤਰਾਜ਼ ਮੰਗਣ ਲਈ ਕਿਹਾ। ਇਸ ਮੌਕੇ ਦਿਲਬਾਗ ਸਿੰਘ, ਲਵਕਰਨ ਸਿੰਘ, ਰਜਿੰਦਰ ਸੰਘਾ, ਸੁਰਿੰਦਰ ਰਿੰਪੀ ਅਤੇ ਸਤੇਸ਼ ਭੂੰਦੜ ਮੌਜੂਦ ਸਨ।