ਗੁਰਸੇਵਕ ਸਿੰਘ ਪ੍ਰੀਤ/ ਇਕਬਾਲ ਸਿੰਘ ਸ਼ਾਂਤ
ਸ੍ਰੀ ਮੁਕਤਸਰ ਸਾਹਿਬ/ਲੰਬੀ, 4 ਫਰਵਰੀ
ਜ਼ਿਲ੍ਹੇ ਵਿੱਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਹੁਣ ਕੁੱਲ 47 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ ਜਿੰਨ੍ਹਾ ਵਿੱਚ ਸਭ ਤੋਂ ਵੱਡੀ ਉਮਰ ਦੇ ਹਲਕਾ ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗਿਦੜਬਾਹਾ ਤੋਂ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ਾਮਲ ਹਨ। ਮੁਕਤਸਰ ਹਲਕੇ ਤੋਂ ਕੁੱਲ 12 ਉਮੀਦਵਾਰ ਮੈਦਾਨ ’ਚ ਰਹਿ ਗਏ ਹਨ ਜਦੋਂ ਕਿ ਲੰਬੀ ਤੋਂ 7 ਅਤੇ ਮਲੋਟ ਹਲਕੇ ਤੋਂ 15 ਉਮੀਦਵਾਰ ਨਾਮਜ਼ਦ ਹਨ।
ਜ਼ਿਕਰਯੋਗ ਹੈ ਕਿ ਲੰਬੀ ਹਲਕੇ ਵਿੱਚ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਸਮੇਤ ਸੱਤ ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹਨ। ਇਨਾਂ ਵਿੱਚ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁੱਲਖੁਰਾਣਾ, ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ, ਭਾਜਪਾ ਦੇ ਰਾਕੇਸ਼ ਧੀਂਗੜਾ, ਅਕਾਲੀ ਦਲ (ਅੰਮ੍ਰਿਤਸਰ) ਦੇ ਜਸਵਿੰਦਰ ਸਿੰਘ ਖਿਉਵਾਲੀ ਤੋਂ ਇਲਾਵਾ ਦੋ ਆਜ਼ਾਦ ਉਮੀਦਵਾਰ ਗੁਰਤੇਜ ਸਿੰਘ ਤੇ ਚਰਨਜੀਤ ਸਿੰਘ ਸ਼ਾਮਲ ਹਨ। ਨਾਮਜ਼ਦਗੀਆਂ ਮੁਕੰਮਲ ਹੋਣ ਮਗਰੋਂ ਰਿਟਰਨਿੰਗ ਅਫ਼ਸਰ ਵੱਲੋਂ ਦੋਵੇਂ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਲੰਬੀ ਹਲਕੇ ’ਚ ਕੁੱਲ 11 ਨਾਮਜ਼ਦਗੀਆਂ ਦਾਖ਼ਲ ਹੋਈਆਂ ਤੇ ਸੁਖਬੀਰ ਸਿੰਘ ਬਾਦਲ ਸਮੇਤ ਚਾਰ ਨਾਮਜ਼ਦਗੀ ਕਾਗਜ਼ ਬਤੌਰ ਕਵਰਿੰਗ ਭਰੇ ਗਏ ਸਨ। ਮੁੱਖ ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਜਾਣ ’ਤੇ ਉਹ ਰੱਦ ਕਰ ਦਿੱਤੀਆਂ ਗਈਆਂ।
ਜੈਤੋ (ਪੱਤਰ ਪ੍ਰੇਰਕ): ਜੈਤੋ ਹਲਕੇ ਵਿਚ 15 ’ਚੋਂ 5 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਜਾਂ ਨਾਂ ਵਾਪਸ ਲਏ ਜਾਣ ਮਗਰੋਂ 10 ਉਮੀਦਵਾਰ ਚੋਣ ਦੰਗਲ ਵਿਚ ਰਹਿ ਗਏ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਬਾਦਲ ਉਰਫ ਸੂਬਾ ਸਿੰਘ ਬਾਦਲ, ਕਾਂਗਰਸ ਦੇ ਦਰਸ਼ਨ ਸਿੰਘ ਢਿੱਲਵਾਂ, ਆਮ ਆਦਮੀ ਪਾਰਟੀ ਦੇ ਅਮੋਲਕ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਹਰਚੰਦ ਰਾਮ, ਸ਼੍ਰੋਮਣੀ ਅਕਾਲੀ ਦਲ (ਅ) ਦੇ ਗੁਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਪਰਮਜੀਤ ਕੌਰ ਗੁਲਸ਼ਨ ਪ੍ਰਮੁੱਖ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਜ਼ਿਲੇ ’ਚ ਅੱਜ ਦੋ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਇਸ ਤਰਾਂ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ 35 ਉਮੀਦਵਾਰ ਹੀ ਮੈਦਾਨ ਵਿੱਚ ਰਹਿ ਗਏ ਹਨ। ਵੇਰਵਿਆਂ ਅਨੁਸਾਰ ਅੱਜ ਹਲਕਾ ਸਰਦੂਲਗੜ ਤੋਂ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ ਅਤੇ ਮਾਨਸਾ ਅਤੇ ਬੁਢਲਾਡਾ ਤੋਂ ਕਿਸੇ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੁਣ 37 ਵਿਚੋਂ 35 ਉਮੀਦਵਾਰ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਹੋਣ ਵਾਲੀ ਵੋਟਿੰਗ ਲਈ ਮੈਦਾਨ ਵਿੱਚ ਰਹਿ ਗਏ ਹਨ।
ਮੋਗਾ ਜ਼ਿਲ੍ਹੇ ’ਚ 42 ਉਮੀਦਵਾਰ ਚੋਣ ਪਿੜ ’ਚ ਡਟੇ
ਮੋਗਾ (ਮਹਿੰਦਰ ਸਿੰਘ ਰੱਤੀਆਂ): ਜ਼ਿਲ੍ਹਾ ਮੋਗਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਲਈ ਕੁੱਲ 49 ਨਾਮਜਦਗੀਆਂ ’ਚੋਂ 7 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 42 ਉਮੀਦਵਾਰ ਮੈਦਾਨ ਵਿੱਚ ਹਨ। ਬਾਘਾਪੁਰਾਣਾ ਹਲਕੇ ’ਚ ਦਰਸ਼ਨ ਸਿੰਘ ਨਾਮ ਦੇ ਤਿੰਨ ਉਮੀਦਵਾਰ ਮੈਦਾਨ ਵਿੱਚ ਨਿੱਤਰੇ ਹਨ। ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਆਪਪ ਦੇ ਅੰਮ੍ਰਿਤਪਾਲ ਸਿੰਘ ਸੁਖਾਨੰਦ, ਸ਼੍ਰੋਮਣੀ ਅਕਾਲੀ ਦਲ ਦੇ ਤੀਰਥ ਸਿੰਘ, ਇੰਡੀਅਨ ਨੈਸਨਲ ਕਾਂਗਰਸ ਦੇ ਦਰਸ਼ਨ ਸਿੰਘ ਬਰਾੜ, ਲੋਕ ਇਨਸਾਫ ਪਾਰਟੀ ਦੇ ਹਰਜਿੰਦਰ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਦੀ ਜਸਵਿੰਦਰ ਕੌਰ, ਅਕਾਲੀ ਦਲ (ਸੰਯੁਕਤ) ਦੇ ਜਗਤਾਰ ਸਿੰਘ ਰਾਜੇਆਣਾ, ਅੰਮ੍ਰਿਤਪਾਲ ਸਿੰਘ, ਦਰਸ਼ਨ ਸਿੰਘ ਖੋਟੇ, ਦਰਸ਼ਨ ਸਿੰਘ ਬਰਾੜ, ਭੋਲਾ ਸਿੰਘ ਚੋਣ ਮੈਦਾਨ ਵਿੱਚ ਹਨ। ਵਿਧਾਨ ਸਭਾ ਹਲਕਾ ਮੋਗਾ ਤੋਂ ਆਪ ਦੀ ਅਮਨਦੀਪ ਕੌਰ, ਭਾਜਪਾ ਦੇ ਹਰਜੋਤ ਕਮਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਬਰਜਿੰਦਰ ਸਿੰਘ ਮੱਖਣ ਬਰਾੜ, ਇੰਡੀਅਨ ਨੈਸ਼ਨਲ ਕਾਂਗਰਸ ਦੇ ਮਾਲਵਿਕਾ ਸੱਚਰ, ਬਹੁਜਨ ਮੁਕਤੀ ਪਾਰਟੀ ਦੇ ਚੰਨਣ ਸਿੰਘ, ਭਾਰਤੀ ਕਮਿਊਨਿਸਟ ਪਾਰਟੀ (ਐਮਐਲ) ਲਬਿਰੇਸ਼ਨ ਦੇ ਬਲਕਰਨ ਸਿੰਘ ਭੁੱਲਰ, ਅਕਾਲੀ ਦਲ (ਅ) ਦੇ ਮਨਜੀਤ ਸਿੰਘ ਮੱਲ੍ਹਾ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਅਰੋੜਾ, ਨਵਦੀਪ ਸਿੰਘ ਸੰਘਾ, ਲਵਿੰਦਰ ਗਿੱਲ (ਸਾਰੇ ਆਜ਼ਾਦ) ਚੋਣ ਮੈਦਾਨ ਵਿੱਚ ਹਨ। ਨਿਹਾਲ ਸਿੰਘ ਵਾਲਾ ਰਾਖਵੇਂ ਹਲਕੇ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਭੁਪਿੰਦਰ ਸਿੰਘ, ਆਪ ਦੇ ਮਨਜੀਤ ਸਿੰਘ, ਅਕਾਲੀ ਦਲ ਦੇ ਬਲਦੇਵ ਸਿੰਘ, ਅਕਾਲੀ ਦਲ (ਅ) ਦੇ ਬਲਦੇਵ ਸਿੰਘ, ਡੇਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਪਰਮਜੀਤ ਕੌਰ, ਪੰਜਾਬ ਲੋਕ ਕਾਂਗਰਸ ਪਾਰਟੀ ਦੇ ਮੁਖਤਿਆਰ ਸਿੰਘ, ਲੋਕ ਇਨਸਾਫ ਪਾਰਟੀ ਦੇ ਸੁਖਦੇਵ ਸਿੰਘ, ਕ੍ਰਿਸ਼ਕ ਭਾਰਤੀ ਪਾਰਟੀ ਦੇ ਪਰਮਿੰਦਰ ਸਿੰਘ, ਗੁਰਦਿੱਤਾ ਸਿੰਘ, ਗੁਰਦੀਪ ਸਿੰਘ, ਅਜਾਇਬ ਸਿੰਘ (ਸਾਰੇ ਆਜ਼ਾਦ) ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਹਲਕਾ ਧਰਮਕੋਟ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਖਜੀਤ ਸਿੰਘ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੇ ਸੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਤੋਤਾ ਸਿੰਘ, ਆਪ ਦੇ ਦਵਿੰਦਰਜੀਤ ਸਿੰਘ, ਲੋਕ ਇਨਸਾਫ ਪਾਰਟੀ ਦੇ ਜਗਜੀਤ ਸਿੰਘ, ਡੇਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਜੁਗਰਾਜ ਸਿੰਘ, ਅਕਾਲੀ ਦਲ (ਅ) ਦੇ ਬਲਰਾਜ ਸਿੰਘ, ਪੰਜਾਬ ਲੋਕ ਕਾਂਗਰਸ ਪਾਰਟੀ ਦੇ ਰਵਿੰਦਰ ਸਿੰਘ ਗਰੇਵਾਲ, ਅੰਗਰੇਜ਼ ਸਿੰਘ, ਹਰਪ੍ਰੀਤ ਸਿੰਘ (ਸਾਰੇ ਆਜ਼ਾਦ) ਚੋਣ ਮੈਦਾਨ ਵਿੱਚ ਹਨ।