ਖੇਤਰੀ ਪ੍ਰਤੀਨਿਧ
ਬਰਨਾਲਾ, 7 ਜੁਲਾਈ
ਪੰਜਾਬ ਹੁਨਰ ਵਿਕਾਸ ਮਿਸ਼ਨ ਪ੍ਰੋਗਰਾਮ ਨੂੰ ਜ਼ਿਲ੍ਹੇ ਵਿਚ ਹੁਲਾਰਾ ਦੇਣ ਸਬੰਧੀ ਅੱਜ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ’ਚ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਜ਼ਿਲ੍ਹਾ ਹੁਨਰ ਵਿਕਾਸ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਜ਼ਿਲ੍ਹਾ ਸਕਿੱਲ ਮੈਨੇਜਰ ਕੰਵਲਦੀਪ ਵਰਮਾ ਨੇ ਦਸਿਆ ਕਿ ਜ਼ਿਲ੍ਹਾ ਬਰਨਾਲਾ ਵਿਖੇ ਲੋੜੀਂਦੇ ਟ੍ਰੇਨਿੰਗ ਪ੍ਰੋਗਰਾਮ ਚਲਾਉਣ ਹਿੱਤ ਉਦਯੋਗਾਂ ਦੀ ਮੁੱਖ ਲੋੜ ਤਿਆਰ ਕਰਨ ਲਈ ਵਾਜ਼ੀਰ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਭਾਈਵਾਲੀ ਕੀਤੀ ਗਈ ਹੈ ਤਾਂ ਜੋ ਜ਼ਿਲ੍ਹਾ ਬਰਨਾਲਾ ’ਚ ਮਿਸ਼ਨ ਅਧੀਨ ਵੱਖ ਵੱਖ ਕੋਰਸਾਂ ਦੀ ਚੋਣ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਮਿਸ਼ਨ ਅਧੀਨ ਵੱਖ-ਵੱਖ ਸਕੀਮਾਂ ਲਈ ਚੁਣੇ ਗਏ ਸ਼ਹਿਰੀ ਅਤੇ ਪੇਂਡੂ ਗਰੀਬ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਨਰ ਵਿਕਾਸ ਸੰਬਧੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਮਾਂ, ਕੰਪਨੀਆਂ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਸਕਿੱਲ ਸੈਂਟਰ ਚਲਾਏ ਜਾ ਰਹੇੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹੁਨਰ ਵਿਕਾਸ ਸਕੀਮਾਂ ਲਈ ਨੌਜਵਾਨਾਂ ਨੂੰ ਵੱਧ ਤੋਂ ਵੱੱਧ ਜਾਗਰੂਕ ਕਰ ਕੇ ਸਕੀਮਾਂ ਦਾ ਲਾਭ ਦੇਣ ’ਤੇ ਜ਼ੋਰ ਦਿੱਤਾ। ਇਸ ਮੌਕੇ ਮੈਨੇਜਰ ਰੇਨੂ ਬਾਲਾ, ਪਲੇਸਮੈਂਟ ਅਫਸਰ ਗੌਰਵ ਕੁਮਾਰ, ਜ਼ਿਲ੍ਹਾ ਉਦਯੋਗ ਅਫਸਰ ਸੁਬੋਧ ਜਿੰਦਲ ਤੇ ਟ੍ਰਾਈਡੈਂਟ ਗਰੁੱਪ ਤੋਂ ਗੌਰਵ ਮੋਦੀ ਹਾਜ਼ਰ ਸਨ।